ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਅਕਤੂਬਰ
ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸੂਬਾ ਪੱਧਰ ਦੀ ਕੌਮੀ ਯੋਗਤਾ ਖੋਜ ਪ੍ਰੀਖਿਆ (ਐੱਨ.ਟੀ.ਸੀ.ਈ, ਪੜਾਅ-1) ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਹ ਪ੍ਰੀਖਿਆ ਇਸੇ ਸਾਲ 13 ਦਸੰਬਰ ਨੂੰ ਲਈ ਜਾਵੇਗੀ। ਬੁਲਾਰੇ ਅਨੁਸਾਰ ਡਾਇਰੈਕਟਰ ਸਟੇਟ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਐੱਸ.ਸੀ.ਈ.ਆਰ.ਟੀ) ਵੱਲੋਂ ਸਾਲ 2020-21 ਵਾਸਤੇ ਲਈ ਜਾਣ ਵਾਲੀ ਇਸ ਪ੍ਰੀਖਿਆ ਦੀ ਰੂਪ ਰੇਖਾ ਤਿਆਰ ਕੀਤੀ ਗਈ ਹੈ, ਜਿਸ ਨੂੰ ਦਸਵੀਂ ਵਿੱਚ ਪੜ੍ਹਦੇ ਬੱਚੇ ਵੀ ਦੇ ਸਕਦੇ ਹਨ। ਜਾਣਕਾਰੀ ਮੁਤਾਬਿਕ ਇਸ ਪ੍ਰੀਖਿਆ ਨੂੰ ਦੇਣ ਲਈ ਅਨੁਸੂਚਿਤ ਜਾਤਾਂ ਅਤੇ ਵਿਕਲਾਂਗ ਵਿਦਿਆਰਥੀਆਂ ਦੇ ਨੌਵੀਂ ਜਮਾਤ ਵਿੱਚੋਂ 55 ਫ਼ੀਸਦ ਅਤੇ ਹੋਰਨਾਂ ਸ਼੍ਰੋਣੀਆਂ ਦੇ 70 ਫ਼ੀਸਦ ਅੰਕ ਹੋਣੇ ਚਾਹੀਦੇ ਹਨ। ਦੱਸਣਯੋਗ ਹੈ ਇਸ ਪ੍ਰੀਖਿਆ ਲਈ 8 ਅਕਤੂਬਰ ਤੋਂ ਦਾਖ਼ਲਾ ਭਰਿਆ ਜਾਵੇਗਾ।