ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 1 ਜਨਵਰੀ
ਸਥਾਨਕ ਹੋਲੀ ਸਿਟੀ ਰਿਹਾਇਸ਼ੀ ਇਲਾਕੇ ਵਿੱਚ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵਾਹਨ ਨੂੰ ਰੋਕਣ ਦਾ ਯਤਨ ਕਰ ਰਹੀ ਇੱਕ ਏਐੱਨਐੱਮ ਜ਼ਖ਼ਮੀ ਹੋ ਗਈ। ਜ਼ਿਕਰਯੋਗ ਹੈ ਕਿ ਏਐੱਨਐੱਮ ਮਹਿਲਾ ਕਰਮਚਾਰੀ ਸ੍ਰੀ ਸਿੱਧੂ ਨੂੰ ਮਿਲ ਕੇ ਆਪਣੀਆਂ ਮੰਗਾਂ ਸਬੰਧੀ ਦੱਸਣਾ ਚਾਹੁੰਦੀਆਂ ਸਨ।
ਨੈਸ਼ਨਲ ਰੂਰਲ ਹੈਲਥ ਮਿਸ਼ਨ ਹੇਠ ਕੰਮ ਕਰ ਰਹੀਆਂ ਠੇਕਾ ਆਧਾਰਿਤ ਮਹਿਲਾ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਬਾਰੇ ਇੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਘਰ ਦੇ ਬਾਹਰ ਕਈ ਦਿਨਾਂ ਤੋਂ ਧਰਨਾ ਲਾਇਆ ਹੋਇਆ ਹੈ। ਉਹ ਸੇਵਾਵਾਂ ਪੱਕੇ ਕਰਨ ਦੀ ਮੰਗ ਕਰ ਰਹੀਆਂ ਹਨ ਤੇ ਅੱਜ ਆਪਣੀਆਂ ਮੰਗਾਂ ਦੇ ਹੱਕ ਵਿੱਚ ਸ੍ਰੀ ਸਿੱਧੂ ਨਾਲ ਗੱਲ ਕਰਨਾ ਚਾਹੁੰਦੀਆਂ ਸਨ। ਇਸ ਲਈ ਉਹ ਘਰ ਦੇ ਦੋਵਾਂ ਗੇਟਾਂ ਅੱਗੇ ਇਕੱਠੀਆਂ ਹੋ ਗਈਆਂ। ਸ੍ਰੀ ਸਿੱਧੂ ਦੀਆਂ ਗੱਡੀਆਂ ਦਾ ਕਾਫ਼ਲਾ ਘਰ ’ਚੋਂ ਬਾਹਰ ਨਿਕਲਣ ਲੱਗਿਆ ਤਾਂ ਗੱਡੀ ਨੂੰ ਰੋਕਣ ਦੇ ਯਤਨ ਵਿੱਚ ਇੱਕ 44 ਸਾਲਾ ਮਹਿਲਾ ਪ੍ਰਦਰਸ਼ਨਕਾਰੀ ਅਮਨਦੀਪ ਕੌਰ ਦੀ ਲੱਤ ’ਤੇ ਗੰਭੀਰ ਸੱਟ ਲੱਗ ਗਈ।
ਏਐੱਨਐੱਮ ਸਰਬਜੀਤ ਕੌਰ ਨੇ ਦੱਸਿਆ ਕਿ ਸ੍ਰੀ ਸਿੱਧੂ ਨੇ ਉਨ੍ਹਾਂ ਦੀਆਂ ਮੰਗਾਂ ਮੰਨੇ ਜਾਣ ਦਾ ਭਰੋਸਾ ਦਿੱਤਾ ਸੀ ਤੇ ਇਸੇ ਸਬੰਧ ਵਿੱਚ ਉਹ ਮਿਲਣਾ ਚਾਹੁੰਦੀਆਂ ਸਨ। ਉਸ ਨੇ ਦੋਸ਼ ਲਾਇਆ ਕਿ ਏਐੱਨਐੱਮ ਅਮਨਦੀਪ ਕੌਰ ਨੂੰ ਸ੍ਰੀ ਸਿੱਧੂ ਦੀ ਕਾਰ ਦੂਰ ਤੱਕ ਘਸੀਟਦੀ ਲੈ ਗਈ, ਜਿਸ ਕਾਰਨ ਉਸ ਦੀ ਲੱਤ ਦੀ ਹੱਡੀ ਟੁੱਟ ਗਈ। ਅਮਨਦੀਪ ਕੌਰ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਕਨਵੀਨਰ ਨਿੰਦਰ ਕੌਰ ਨੇ ਦੋਸ਼ ਲਾਇਆ ਕਿ ਸ੍ਰੀ ਸਿੱਧੂ ਦੇ ਕਰਮਚਾਰੀਆਂ ਨੇ ਭੱਦੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਹੈ।