ਸੁਰਜੀਤ ਮਜਾਰੀ
ਬੰਗਾ, 14 ਫਰਵਰੀ
ਇੱਥੋਂ ਦੀ ਇੱਕ ਸੁਆਣੀ ਅਨੀਤਾ ਨੇ ਜਣੇਪੇ ਤੋਂ ਪਹਿਲਾਂ ਆਪਣੇ ਵੋਟ ਦਾ ਅਧਿਕਾਰ ਵਰਤਣ ਨੂੰ ਪਹਿਲ ਦਿੱਤੀ ਹੈ। ਇੱਥੋਂ ਦੇ ਵਾਰਡ ਨੰਬਰ-5 ਵਾਸੀ ਅਨੀਤਾ ਦਾ ਅੱਜ ਸਥਾਨਕ ਧੀਰ ਹਸਪਤਾਲ ’ਚ ਜਣੇਪਾ ਹੋਣਾ ਸੀ। ਉਸ ਨੇ ਅਪਰੇਸ਼ਨ ਤੋਂ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ ਕੋਲ ਆਪਣੀ ਵੋਟ ਪਾਉਣ ਦੀ ਇੱਛਾ ਜ਼ਾਹਰ ਕੀਤੀ ਤੇ ਉਹ ਉਸ ਨੂੰ ਹਸਪਤਾਲ ਲਿਜਾਣ ਤੋਂ ਪਹਿਲਾਂ ਮੱਤਦਾਨ ਕੇਂਦਰ ਲੈ ਗਏ। ਵੋਟ ਪਾਉਣ ਤੋਂ ਬਾਅਦ ਅਨੀਤਾ ਨੇ ਕਿਹਾ ਕਿ ਉਸ ਨੇ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕਰਕੇ ਆਪਣੇ ਵਾਰਡ ਲਈ ਸਹੀ ਉਮੀਦਵਾਰ ਦੀ ਚੋਣ ’ਚ ਹਿੱਸਾ ਪਾਇਆ ਹੈ। ਉਸ ਦੇ ਪਤੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਮਹਿਲਾ ਸ਼ਕਤੀਕਰਨ ਵਜੋਂ ਅਨੀਤਾ ਦੀ ਸੋਚ ’ਤੇ ਉਸ ਨੂੰ ਮਾਣ ਹੈ।
ਇਸੇ ਤਰ੍ਹਾਂ ਵਾਰਡ ਨੰਬਰ-7 ’ਚ ਬਲਵੀਰ ਰਾਮ, ਜਿਸ ਨੇ ਅੱਜ ਦੁਬਈ ਜਾਣਾ ਸੀ, ਨੇ ਵੀ ਉਡਾਣ ਤੋਂ ਪਹਿਲਾਂ ਆਪਣੀ ਵੋਟ ਪਾਈ। ਉਹ ਟੈਕਸੀ ’ਤੇ ਲੱਦੇ ਹੋਏ ਅਟੈਚੀ ਨਾਲ ਮੱਤਦਾਨ ਕੇਂਦਰ ਪੁੱਜਿਆ। ਉਸ ਨੇ ਕਿਹਾ ਕਿ ਉਹ ਸੰਵਿਧਾਨ ’ਚ ਦਰਜ ਵੋਟ ਦੇ ਹੱਕ ਦੀ ਸਹੀ ਵਰਤੋਂ ਕਰਕੇ ਖੁਸ਼ ਹੈ।