ਦੀਪਕ ਠਾਕੁਰ
ਤਲਵਾੜਾ, 9 ਮਾਰਚ
ਇੱਥੇ ਬੀਬੀਐੱਮਬੀ ਕਲੋਨੀ ਦੇ ਸੈਕਟਰ-3 ਵਾਸੀ ਸਿਹਤ ਇੰਸਪੈਕਟਰ ਰਾਕੇਸ਼ ਕੁਮਾਰ ਦੀ ਯੂਕਰੇਨ ਪੜ੍ਹਨ ਗਈ 20 ਸਾਲਾ ਧੀ ਅਨਿਕਾ ਬੀਤੀ ਦੇਰ ਰਾਤ ਸੁਰੱਖਿਅਤ ਘਰ ਪਹੁੰਚ ਗਈ ਹੈ।
ਅਨਿਕਾ ਦੇ ਘਰ ਪਹੁੰਚਣ ’ਤੇ ਮਾਪਿਆਂ ਅਤੇ ਸਾਕ ਸਬੰਧੀਆਂ ਨੇ ਸੁੱਖ ਦਾ ਸਾਹ ਲਿਆ ਹੈ। ਅਨਿਕਾ ਨੇ ਦੱਸਿਆ ਕਿ ਉਹ ਖਾਰਕੀਵ ਦੀ ਨੈਸ਼ਨਲ ਮੈਡੀਕਲ ਯੂਨਵੀਰਸਿਟੀ ਵਿੱਚ ਦੂਜੇ ਸਾਲ ਦੀ ਵਿਦਿਆਰਥਣ ਹੈ। ਉਸ ਨੇ ਦੱਸਿਆ ਕਿ ਰੂਸ ਵੱਲੋਂ 24 ਫਰਵਰੀ ਨੂੰ ਖਾਰਕੀਵ ’ਤੇ ਪਹਿਲਾ ਹਮਲਾ ਕੀਤਾ ਗਿਆ ਸੀ ਅਤੇ ਉਸੇ ਦਿਨ ਹੀ ਵਿਦਿਆਰਥੀ ਬੰਕਰਾਂ ਵਿੱਚ ਚਲੇ ਗਏ ਸਨ। ਆਖ਼ਿਰ ਗੋਲਾਬਾਰੀ ਵਧਣ ਕਾਰਨ ਅਤੇ ਏਜੰਟਾਂ ਦੇ ਕਹਿਣ ’ਤੇ ਉਹ 2 ਮਾਰਚ ਨੂੰ ਸਵੇਰੇ ਪੰਜ ਵਜੇ 10 ਕਿਲੋਮੀਟਰ ਦਾ ਪੈਦਲ ਸਫ਼ਰ ਤੈਅ ਕਰਕੇ ਨੇੜਲੇ ਰੇਲਵੇ ਸਟੇਸ਼ਨ ’ਤੇ ਪੁੱਜੇ। ਉਨ੍ਹਾਂ ਦੇ ਕਾਫ਼ਲੇ ਵਿੱਚ ਇੱਕ ਹਜ਼ਾਰ ਦੇ ਕਰੀਬ ਵਿਦਿਆਰਥੀ ਸ਼ਾਮਲ ਸਨ ਪਰ ਸਥਾਨਕ ਲੋਕਾਂ ਦੇ ਵਿਰੋਧ ਕਾਰਨ ਉਨ੍ਹਾਂ ਨੂੰ ਗੱਡੀ ’ਤੇ ਚੜ੍ਹਨ ਨਹੀਂ ਦਿੱਤਾ ਗਿਆ।
ਉਸ ਨੇ ਦੱਸਿਆ ਕਿ ਉਸੇ ਦਿਨ ਭਾਰਤੀ ਦੂਤਾਵਾਸ ਨੇ ਸ਼ਾਮ ਤਿੰਨ ਵਜੇ ਭਾਰਤੀ ਵਿਦਿਆਰਥੀਆਂ ਨੂੰ ਸ਼ਾਮ ਛੇ ਵਜੇ ਤੱਕ ਖਾਰਕੀਵ ਛੱਡਣ ਦੀ ਐਡਵਾਇਜ਼ਰੀ ਜਾਰੀ ਕੀਤੀ। ਇਸ ਮਗਰੋਂ ਵਿਦਿਆਰਥੀ ਪੈਦਲ ਹੀ ਭੁੱਖੇ ਤਿਹਾਏ 20 ਕਿਲੋਮੀਟਰ ਦਾ ਸਫ਼ਰ ਪੈਦਲ ਤੈਅ ਕਰਕੇ ਪੈਸੋਚਿਨ ਨਾਮਕ ਸ਼ਹਿਰ ਪਹੁੰਚੇ। ਇਸ ਮਗਰੋਂ ਏਜੰਟਾਂ ਨੇ 3 ਮਾਰਚ ਨੂੰ ਸੁਵੱਖਤੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਦੋ ਬੱਸਾਂ ਰਾਹੀਂ ਲਵੀਵ ਰਵਾਨਾ ਕੀਤਾ, ਉਪਰੰਤ ਉਨ੍ਹਾਂ ਨੂੰ 90 ਕਿਲੋਮੀਟਰ ਦੂਰ ਪੋਲੈਂਡ ਆਪਣੇ ਸਾਧਨਾਂ ਰਾਹੀਂ ਭੇਜ ਦਿੱਤਾ। ਅਨਿਕਾ ਨੇ ਕਿਹਾ ਕਿ ਵਿਦਿਆਰਥੀਆਂ ਆਪਣੇ ਸੰਪਰਕਾਂ, ਸਾਧਨਾਂ ਜਾਂ ਏਜੰਟਾਂ ਰਾਹੀਂ ਪੋਲੈਂਡ ਆਦਿ ਦੇਸ਼ਾਂ ਵਿੱਚ ਪਹੁੰਚੇ, ਇਸ ਵਿੱਚ ਭਾਰਤ ਸਰਕਾਰ ਜਾਂ ਭਾਰਤੀ ਦੂਤਾਵਾਸ ਦਾ ਕੋਈ ਸਹਿਯੋਗ ਨਹੀਂ ਸੀ। ਅਨਿਕਾ ਨੇ ਬੇਬਾਕੀ ਨਾਲ ਕਿਹਾ ਕਿ ਅਪਰੇਸ਼ਨ ਗੰਗਾ ਭਾਰਤ ਸਰਕਾਰ ਦਾ ਇੱਕ ਸਿਆਸੀ ਚੋਣ ਸਟੰਟ ਹੈ, ‘ਇਵੈਕੂਏਸ਼ਨ’ ਦਾ ਮਤਲਬ ਖਤਰੇ ਵਾਲੀ ਥਾਂ ਤੋਂ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢਣਾ ਹੈ, ਨਾ ਕਿ ਸੁਰੱਖਿਅਤ ਸਥਾਨ ਤੋਂ ਬਾਹਰ ਕੱਢਣਾ। ਵਿਦਿਆਰਥੀ ਲਵੀਵ ਜਾਂ ਪੋਲੈਂਡ ਤੱਕ ਆਪਣੀ ਜਾਨ ਤਲੀ ’ਤੇ ਧਰ ਕੇ ਪਹੁੰਚੇ, ਭਾਰਤ ਸਰਕਾਰ ਨੇ ਤਾਂ ਸਿਰਫ਼ ਪੋਲੈਂਡ ਤੋਂ ਦਿੱਲੀ ਤੱਕ ਹੀ ਮੁਫ਼ਤ ਹਵਾਈ ਸੇਵਾ ਮੁਹੱਈਆ ਕਰਵਾਈ ਹੈ। ਅਨਿਕਾ ਨੇ ਕਿਹਾ ਕਿ ਉਹ ਦਿੱਲੀ ਤੋਂ ਤਲਵਾੜਾ ਤੱਕ ਆਪਣੇ ਕਿਰਾਏ ’ਤੇ ਪਹੁੰਚੀ ਹੈ।
ਅਨਿਕਾ ਨੇ ਕਿਹਾ ਕਿ ਉਹ ਤੇ ਉਸ ਦੇ ਦੋਸਤ ਆਪਣੇ ਭਵਿੱਖ ਲਈ ਫਿਕਰਮੰਦ ਹਨ ਪਰ ਜੇਕਰ ਹਾਲਾਤ ਸਾਜਗਾਰ ਹੁੰਦੇ ਹਨ ਤਾਂ ਉਹ ਮੁੜ ਯੂਕਰੇਨ ਜਾ ਕੇ ਆਪਣੀ ਡਾਕਟਰੀ ਦੀ ਪੜ੍ਹਾਈ ਪੂਰੀ ਕਰਨਗੇ। ਪਿਤਾ ਰਾਕੇਸ਼ ਕੁਮਾਰ ਤੇ ਅਧਿਆਪਕਾ ਮਾਤਾ ਪਰਮਜੀਤ ਬਾਲਾ ਨੇ ਆਪਣੀ ਧੀ ਦੀ ਸੁਰੱਖਿਅਤ ਘਰ ਵਾਪਸੀ ’ਤੇ ਸ਼ੁਕਰ ਮਨਾਇਆ।
1600 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਹੰਗਰੀ ਪੁੱਜੇ ਭੈਣ-ਭਰਾ
ਲਾਲੜੂ (ਸਰਬਜੀਤ ਸਿੰਘ ਭੱਟੀ): ਯੂਕਰੇਨ ਦੇ ਖਾਰਕੀਵ ਸ਼ਹਿਰ ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਗਏ ਲਾਲੜੂ ਨਿਵਾਸੀ ਦੋ ਸਕੇ ਭੈਣ-ਭਰਾ ਪਾਰਸ ਤੇ ਨਿਕਿਤਾ ਦਾ ਲਾਲੜੂ ਪੁੱਜਣ ’ਤੇ ਸ਼ਹਿਰ ਵਾਸੀਆਂ ਨੇ ਭਰਵਾਂ ਸੁਆਗਤ ਕੀਤਾ। ਭੈਣ-ਭਰਾ ਨੇ ਦੱਸਿਆ ਕਿ ਯੂਨੀਵਰਸਿਟੀ ਨੇ 24 ਫਰਵਰੀ ਨੂੰ ਛੁੱਟੀ ਦਾ ਨੋਟਿਸ ਜਾਰੀ ਕੀਤਾ ਅਤੇ ਵਿਦਿਆਰਥੀਆਂ ਨੂੰ ਮੈਟਰੋ ਸਟੇਸ਼ਨ ਦੀ ਬੰਕਰ ਵਿੱਚ ਰਹਿਣ ਲਈ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਉਹ ਰੂਸੀ ਹਮਲੇ ਦੌੌਰਾਨ ਪਹਿਲਾਂ ਕਈ ਦਿਨ ਬੰਕਰ ਵਿੱਚ ਰਹੇ ਫਿਰ ਉਨ੍ਹਾਂ ਲੁਕ ਕੇ ਰਹਿਣ ਦੀ ਥਾਂ 16 ਹੋਰ ਵਿਦਿਆਰਥੀਆਂ ਨਾਲ ਉੱਥੋਂ ਨਿਕਲਣ ਦਾ ਫ਼ੈਸਲਾ ਕੀਤਾ। ਦੋਵੇਂ ਭੈਣ-ਭਰਾ ਖਾਰਕੀਵ ਤੋਂ 1600 ਕਿਲੋਮੀਟਰ ਦਾ ਖੁਦ ਕਾਰ ਚਲਾ ਕੇ ਤੈਅ ਕੀਤਾ। ਉਹ ਹੰਗਰੀ ਸਰਹੱਦ ’ਤੇ ਪੁੱਜੇ। ਹੰਗਰੀ ਤੋਂ ਵੱਖ ਵੱਖ ਹਵਾਈ ਉਡਾਨ ਰਾਹੀਂ ਉਹ ਦਿੱਲੀ ਪੁੱਜੇ। ਪਾਰਸ ਰਾਣਾ ਤੀਜੇ ਸਾਲ, ਜਦ ਕਿ ਉਸ ਦੀ ਭੈਣ ਨਿਕਿਤਾ ਫਾਈਨਲ ਦੀ ਵਿਦਿਆਰਥਣ ਹੈ, ਕੇਵਲ ਦੋ ਮਹੀਨੇ ਬਾਅਦ ਉਸ ਨੂੰ ਐੱਮਬੀਬੀਐੱਸ ਦੀ ਡਿਗਰੀ ਮਿਲ ਜਾਣੀ ਸੀ।
ਰੇਲ ਗੱਡੀ ਫੜਨ ਲਈ 20 ਕਿਲੋਮੀਟਰ ਤੁਰਨਾ ਪਿਆ ਪੈਦਲ
ਅਬੋਹਰ (ਸੁੰਦਰ ਨਾਥ ਆਰਿਆ): ਕਰੀਬ ਦੋ ਸਾਲ ਪਹਿਲਾਂ ਯੂਕਰੇਨ ਵਿੱਚ ਡਾਕਟਰੀ ਦੀ ਪੜ੍ਹਾਈ ਕਰਨ ਗਈ ਦੀਕਸ਼ਾ ਵਿੱਜ ਸੁਰੱਖਿਅਤ ਆਪਣੇ ਘਰ ਅਬੋਹਰ ਪਰਤ ਆਈ ਹੈ। ਇਥੇ ਪੁੱਜਣ ’ਤੇ ਵਿਧਾਇਕ ਅਰੁਣ ਨਾਰੰਗ ਸਮੇਤ ਰਿਸ਼ਤੇਦਾਰਾਂ ਨੇ ਫੁੱਲਾਂ ਦੀ ਵਰਖਾ ਨਾਲ ਉਸ ਦਾ ਸਵਾਗਤ ਕੀਤਾ। ਵਿਦਿਆਰਥਣ ਨੇ ਦੱਸਿਆ ਕਿ 24 ਫਰਵਰੀ ਨੂੰ ਜੰਗ ਸ਼ੁਰੂ ਹੁੰਦੇ ਹੀ ਉਨ੍ਹਾਂ ਨੂੰ ਯੂਨੀਵਰਸਿਟੀ ਦੇ ਨੇੜੇ ਬੰਕਰਾਂ ’ਚ ਜਾਣ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ, ਜਿਸ ਤੋਂ ਬਾਅਦ ਕਰੀਬ 250 ਵਿਦਿਆਰਥੀ ਇਕ ਹਫਤੇ ਤੱਕ ਬੰਕਰਾਂ ’ਚ ਹੀ ਰਹੇ। ਜਿਵੇਂ-ਜਿਵੇਂ ਜੰਗ ਤੇਜ਼ ਹੁੰਦੀ ਗਈ, ਉਨ੍ਹਾਂ ਦੇ ਖਾਣ-ਪੀਣ ਦਾ ਸਾਮਾਨ ਘਟਦਾ ਗਿਆ। ਬੰਕਰ ਤੋਂ ਰੇਲਵੇ ਸਟੇਸ਼ਨ ਤੱਕ ਜਾਂਦੇ ਸਮੇਂ ਉਨ੍ਹਾਂ ਨੇ ਰੁਮਾਲ ’ਤੇ ਤਿਰੰਗਾ ਬਣਾਇਆ ਅਤੇ ਕਰੀਬ 15-20 ਕਿਲੋਮੀਟਰ ਪੈਦਲ ਸਫ਼ਰ ਕਰਕੇ ਰੇਲਵੇ ਸਟੇਸ਼ਨ ’ਤੇ ਪਹੁੰਚੇ, ਜਿੱਥੇ ਯੂਕਰੇਨ ਦੇ ਲੋਕਾਂ ਨੇ ਉਨ੍ਹਾਂ ਨੂੰ ਰੇਲ ਗੱਡੀ ਵਿੱਚ ਚੜ੍ਹਨ ਨਹੀਂ ਦਿੱਤਾ। ਦੋ ਦਿਨ ਕੜਾਕੇ ਦੀ ਠੰਢ ’ਚ ਬਿਤਾਉਣ ਤੋਂ ਬਾਅਦ ਸਰਕਾਰੀ ਬੱਸਾਂ ਦੀ ਘਾਟ ਕਾਰਨ ਉਹ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ 500-500 ਡਾਲਰ ਦਾ ਕਿਰਾਇਆ ਦੇ ਕੇ ਰੋਮਾਨੀਆ ਬਾਰਡਰ ’ਤੇ ਪਹੁੰਚੇ। ਇਥੇ ਪਹੁੰਚ ਕੇ ਕੇਂਦਰ ਸਰਕਾਰ ਦੇ ਮੰਤਰੀਆਂ ਅਤੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਰਹਿਣ ਲਈ ਥਾਂ, ਦਵਾਈਆਂ ਅਤੇ ਭੋਜਨ ਮੁਹੱਈਆ ਕਰਵਾਇਆ। ਕਰੀਬ 24 ਘੰਟੇ ਰੋਮਾਨੀਆ ਬਾਰਡਰ ’ਤੇ ਰੁਕਣ ਤੋਂ ਬਾਅਦ ਉਨ੍ਹਾਂ ਨੂੰ ਮੁਫ਼ਤ ਜਹਾਜ਼ ਰਾਹੀਂ ਦਿੱਲੀ ਲਿਆਂਦਾ ਗਿਆ। ਦੀਕਸ਼ਾ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਯੂਕਰੇਨ ਵਿੱਚ ਫਸੇ ਲੋਕਾਂ ਨੂੰ ਜਲਦੀ ਭਾਰਤ ਲਿਆਂਦਾ ਜਾਵੇ ਅਤੇ ਉਨ੍ਹਾਂ ਦੀ ਬਾਕੀ ਰਹਿੰਦੀ ਡਾਕਟਰੀ ਦੀ ਪੜ੍ਹਾਈ ਦੇ ਪ੍ਰਬੰਧ ਕੀਤੇ ਜਾਣ।