ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਸਤੰਬਰ
ਰਾਜ ਸਰਕਾਰ ਵੱਲੋਂ ਪਹਿਲੀ ਅਕਤੂਬਰ ਤੋਂ ਮਿੱਡ-ਡੇਅ ਮੀਲ ਸਕੀਮ ਤਹਿਤ ਤਿਆਰ ਖਾਣਾ ਮੁਹੱਈਆ ਕਰਵਾਉਣ ਦੀ ਨੀਤੀ ਖ਼ਿਲਾਫ਼ ਆਂਗਵਾਣੀ ਮੁਲਾਜ਼ਮ ਯੂਨੀਅਨ ਨੇ ਸੰਘਰਸ਼ ਦਾ ਐਲਾਨ ਕਰਦਿਆਂ ਇਸ ਨੀਤੀ ਨੂੰ ਨਿੱਕੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰਾਰ ਦਿੱਤਾ ਹੈ। ਇਸ ਯੋਜਨਾ ਖ਼ਿਲਾਫ਼ ਇੱਕ ਅਕਤੂਬਰ ਨੂੰ ਸੀਡੀਪੀਓ ਦਫ਼ਤਰਾਂ ’ਤੇ ਬਲਾਕ ਪੱਧਰੀ ਧਰਨੇ ਦਿੱਤੇ ਜਾਣਗੇ ਤੇ ਸੀਡੀਪੀਓ ਅਤੇ ਐੱਸਡੀਐੱਮ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜੇ ਜਾਣਗੇ। 2 ਅਕਤੂਬਰ ਨੂੰ ਜ਼ਿਲ੍ਹਾ ਪੱਧਰ ’ਤੇ ਆਈਸੀਡੀਐੱਸ ਦਾ ਸਥਾਪਨਾ ਦਿਵਸ ਮਨਾਇਆ ਜਾਵੇਗਾ।
ਮੀਟਿੰਗ ਵਿੱਚ ਜਥੇਬੰਦੀ ਦੀ ਸੂਬਾ ਪ੍ਰਧਾਨ ਸਰੋਜ ਛਾਬੜੀਵਾਲਾ ਨੇ ਆਂਗਣਵਾੜੀ ਸੈਂਟਰਾਂ ਵਿੱਚ ਤਿਆਰ ਰਾਸ਼ਨ ਮੁਹੱਈਆ ਕਰਾਉਣ ਦੀ ਯੋਜਨਾ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਲਿਆ ਗਿਆ ਇਹ ਫ਼ੈਸਲਾ ਨਿੱਕੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਆਂਗਣਵਾੜੀ ਵਰਕਰਾਂ ਦਾ ਰੁਜ਼ਗਾਰ ਖੋਹਣ ਦੀ ਸੋਚੀ ਸਮਝੀ ਸਾਜ਼ਿਸ਼ ਹੈ। ਸੂਬਾ ਜਨਰਲ ਸਕੱਤਰ ਸੁਨੀਲ ਕੌਰ ਬੇਦੀ ਨੇ ਕਿਹਾ ਕਿ ਸਰਕਾਰ ਨੇ ਆਂਗਣਵਾੜੀ ਸੈਂਟਰਾਂ ਵਿੱਚ ਰਾਸ਼ਨ ਦੇਣ ਦਾ ਟੈਂਡਰ ਐੱਨਜੀਓ ਨੂੰ ਦਿੱਤਾ ਹੈ। ਲਗਪਗ 12 ਘੰਟੇ ਪਹਿਲਾਂ ਤਿਆਰ ਕੀਤਾ ਗਿਆ ਇਹ ਖਾਣਾ ਜਦੋਂ ਬੱਚਿਆਂ ਤੱਕ ਪਹੁੰਚੇਗਾ, ਉਦੋਂ ਬਾਸਾ ਹੋ ਜਾਵੇਗਾ। ਸੂਬਾ ਵਿੱਤ ਸਕੱਤਰ ਗੁਰਚਰਨ ਕੌਰ ਮੋਗਾ ਨੇ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਖ਼ਿਲਾਫ਼ 20 ਅਕਤੂਬਰ ਤੋਂ ਦਸਤਖ਼ਤ ਮੁਹਿੰਮ ਵਿੱਢੀ ਜਾਵੇਗੀ।