ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 9 ਮਾਰਚ
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਹਰਜੀਤ ਕੌਰ ਪੰਜੌਲਾ ਦੀ ਅਗਵਾਈ ’ਚ ਕੇਂਦਰ ਸਰਕਾਰ ਦਾ ਪੁਤਲਾ ਸਾੜ ਕੇ ਐਕਸ਼ਨ ਦਿਹਾੜਾ ਮਨਾਇਆ ਗਿਆ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫ਼ਤਹਿਗੜ੍ਹ ਸਾਹਿਬ ਦੇ ਬਾਹਰ ਧਰਨੇ ਨੂੰ ਸੰਬੋਧਨ ਕਰਦਿਆਂ ਹਰਜੀਤ ਕੌਰ ਪੰਜੌਲਾ ਨੇ ਕਿਹਾ ਕਿ ਹਾਲੇ ਵੀ ਔਰਤਾਂ ਨੂੰ ਸਭ ਤੋਂ ਸਸਤਾ ਮਜ਼ਦੂਰ ਗਿਣਿਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਆਂਗਣਵਾੜੀ ਵਰਕਰ, ਮਿੱਡ-ਡੇਅ ਮੀਲ ਤੇ ਆਸ਼ਾ ਵਰਕਰਾਂ ਨਿਗੂਣੇ ਮਾਣ-ਭੱਤੇ ’ਤੇ ਕੰਮ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਹਰਿਆਣਾ, ਮੱਧ ਪ੍ਰਦੇਸ਼, ਦਿੱਲੀ ਅਤੇ ਪੰਜਾਬ ਵਿੱਚ ਆਂਗਣਵਾੜੀ ਵਰਕਰਾਂ ਆਪਣੀਆਂ ਜਾਇਜ਼ ਮੰਗਾਂ ਦੀ ਪੂਰਤੀ ਲਈ ਅੰਦੋਲਨ ਕਰ ਰਹੀਆਂ ਹਨ। ਸਰਕਾਰ ਵੱਲੋਂ ਮੰਗਾਂ ਮੰਨਣ ਦੀ ਥਾਂ ਸੰਘਰਸ਼ ਨੂੰ ਦਬਾਇਆ ਜਾ ਰਿਹਾ ਹੈ। ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸਭ ਨੂੰ ਪੱਕੇ ਮੁਲਾਜ਼ਮ ਮੰਨਦਿਆਂ ਮੁਲਾਜ਼ਮ ਦਾ ਦਰਜਾ ਦੇਣ ਤੱਕ ਘੱਟੋ-ਘੱਟ ਉਜਰਤ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਔਰਤਾਂ ਉੱਤੇ ਹੋ ਰਹੇ ਦਮਨਕਾਰੀ ਹਮਲਿਆਂ, ਹਿੰਸਾ ਦੇ ਵਿਰੁੱਧ ਪੱਕੇ ਕਾਨੂੰਨ ਬਣਾਏ ਜਾਣ। ਧਰਨੇ ਨੂੰ ਗੁਰਮੀਤ ਕੌਰ ਚੁੰਨੀ, ਗੁਰਮੀਤ ਕੌਰ ਰੁੜਕੀ, ਕਮਲਜੀਤ ਕੌਰ ਸਰਹਿੰਦ, ਕੁਲਵੰਤ ਕੌਰ, ਪਰਮਜੀਤ ਕੌਰ ਬਾਗੜੀਆ ਨੇ ਸੰਬੋਧਨ ਕੀਤਾ।