ਚਰਨਜੀਤ ਭੁੱਲਰ
ਚੰਡੀਗੜ੍ਹ, 25 ਨਵੰਬਰ
ਪੰਜਾਬ ਦੇ ਹਰ ਪਿੰਡ ਦਾ ਦੋ ਦਿਨਾਂ ਤੋਂ ਮੂੰਹ ਦਿੱਲੀ ਵੱਲ ਹੈ| ਭਲਕੇ ਸਿੰਘੂ ਅਤੇ ਟਿਕਰੀ ਬਾਰਡਰ ’ਤੇ ਕਿਸਾਨ ਅੰਦੋਲਨ ਦੀ ਵਰ੍ਹੇਗੰਢ ਦੇ ਪੰਡਾਲ ਸਜਣੇ ਹਨ| ਕੇਂਦਰ ਨੇ 19 ਨਵੰਬਰ ਨੂੰ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ ਜਿਸ ਕਾਰਨ ਹੁਣ ਕਿਸਾਨ ਵਰ੍ਹੇਗੰਢ ਮੌਕੇ ਜਿੱਤ ਦੇ ਜਸ਼ਨ ਮਨਾਉਣਗੇ| ਮਾਲਵਾ ਖ਼ਿੱਤੇ ਜੋ ਟਰੇਨਾਂ ਦਿੱਲੀ ਜਾ ਰਹੀਆਂ ਹਨ, ਉਨ੍ਹਾਂ ਵਿੱਚ ਤਿੱਲ ਸੁੱਟਣ ਜੋਗੀ ਥਾਂ ਨਹੀਂ ਮਿਲ ਰਹੀ ਹੈ| ਗੰਗਾਨਗਰ-ਦਿੱਲੀ ਵਾਲੀ ਦੈਨਿਕ ਐਕਸਪ੍ਰੈੱਸ ਅੱਜ ਜਦੋਂ ਸਵੇਰ ਵਕਤ ਬਠਿੰਡਾ ਪੁੱਜੀ ਤਾਂ ਹੰਗਾਮਾ ਖੜ੍ਹਾ ਹੋ ਗਿਆ ਸੀ| ਕਿਸਾਨਾਂ ਦੀ ਏਨੀ ਭੀੜ ਜੁੜ ਗਈ ਤਾਂ ਬਹੁਤੇ ਕਿਸਾਨ ਏਸੀ ਡੱਬਿਆਂ ਵਿੱਚ ਹੀ ਦਾਖ਼ਲ ਹੋ ਗਏ ਸਨ| ਰੇਲਵੇ ਨੇ ਆਰਪੀਐੱਫ ਬੁਲਾਈ ਤੇ ਏਸੀ ਡੱਬੇ ਖ਼ਾਲੀ ਕਰਾਏ| ਬਠਿੰਡਾ, ਮਾਨਸਾ ਤੇ ਜਾਖੜ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਲਈ ਰਵਾਨਾ ਹੋਏ| ਲੰਘੀ ਰਾਤ ਪੰਜਾਬ ਮੇਲ ਜੋ ਕਿ ਫ਼ਿਰੋਜ਼ਪੁਰ ਤੋਂ ਮੁੰਬਈ ਚੱਲਦੀ ਹੈ, ’ਚ ਚਾਰੇ ਪਾਸੇ ਕਿਸਾਨ ਹੀ ਕਿਸਾਨ ਸਨ|
ਘੁੰਮਣ ਕਲਾਂ ਦੇ ਕਿਸਾਨ ਆਗੂ ਸਿਕੰਦਰ ਸਿੰਘ ਨੇ ਦੱਸਿਆ ਕਿ ਦੋ ਦਿਨਾਂ ਤੋਂ ਰੇਲਵੇ ਸਟੇਸ਼ਨਾਂ ’ਤੇ ਕਿਸਾਨ ਯੂਨੀਅਨ ਦੇ ਝੰਡੇ ਹੀ ਝੰਡੇ ਨਜ਼ਰ ਪੈ ਰਹੇ ਹਨ| ਪਰਿਵਾਰਾਂ ਦੇ ਨਾਲ ਬੱਚੇ ਵੀ ਜਾ ਰਹੇ ਹਨ| ਫ਼ਾਜ਼ਿਲਕਾ ਦਿੱਲੀ ਇੰਟਰ ਸਿਟੀ ਐਕਸਪ੍ਰੈੱਸ ਵਿਚ ਅੱਜ ਰਾਮਪੁਰਾ, ਬਰਨਾਲਾ ਅਤੇ ਧੂਰੀ ਤੋਂ ਵੱਡੀ ਗਿਣਤੀ ਵਿਚ ਕਿਸਾਨਾਂ ਦੇ ਜਥੇ ਚੜ੍ਹੇ| ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਮਾਝੇ ’ਚੋਂ ਬਹੁਤੇ ਨੌਜਵਾਨ ਆਪੋ-ਆਪਣੇ ਟਰੈਕਟਰ ਪੂਰੀ ਤਰ੍ਹਾਂ ਸਜਾ ਕੇ ਦਿੱਲੀ ਲਿਜਾ ਰਹੇ ਹਨ| ਅੱਜ ਦਿੱਲੀ ਵੱਲ ਜਾਂਦੀਆਂ ਸੜਕਾਂ ’ਤੇ ਟਰੈਕਟਰ ਗੂੰਜਦੇ ਰਹੇ ਅਤੇ ਕਿਸਾਨੀ ਦੇ ਗੀਤ ਵੀ ਵੱਜਦੇ ਰਹੇ| ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਆਖਦੇ ਹਨ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਮਗਰੋਂ ਕਿਸਾਨੀ ਦਾ ਰੌਂਅ ਤੇ ਜਲੌਅ ਵੇਖਣ ਵਾਲਾ ਹੈ ਜਿਨ੍ਹਾਂ ਨੇ ਪੂਰਾ ਵਰ੍ਹਾ ਅੰਦੋਲਨ ’ਚ ਸਿਰੜ ਦਿਖਾਇਆ ਹੈ|
ਦਿਆਲਪੁਰਾ (ਬਠਿੰਡਾ) ਦੇ ਟਰਾਂਸਪੋਰਟਰ ਤੀਰਥ ਸਿੰਘ ਸਿੱਧੂ ਨੇ ਦੱਸਿਆ ਕਿ ਕਿਸਾਨ ਘੋਲ ਦੌਰਾਨ ਉਨ੍ਹਾਂ ਨੇ ਪੱਕੇ ਤੌਰ ’ਤੇ ਬੱਸਾਂ ਦੀ ਸੇਵਾ ਦਿੱਤੀ ਸੀ ਤੇ ਹੁਣ ਵੀ ਵੱਡੀ ਗਿਣਤੀ ਵਿਚ ਬੱਸਾਂ ਜਾ ਰਹੀਆਂ ਹਨ| ਪਤਾ ਲੱਗਾ ਹੈ ਕਿ ਸਿੰਘੂ ਤੇ ਟਿਕਰੀ ਬਾਰਡਰ ’ਤੇ ਵਰ੍ਹੇਗੰਢ ਮਨਾਉਣ ਦੀਆਂ ਤਿਆਰੀਆਂ ਮੁਕੰਮਲ ਹਨ| ਵੱਡੇ ਪੰਡਾਲ ਸਜਾਏ ਗਏ ਹਨ| ਲੰਘੇ ਦਿਨ ਤੋਂ ਹੀ ਲੰਗਰ ਚੱਲਣੇ ਸ਼ੁਰੂ ਹੋ ਗਏ ਹਨ| ਭਲਕੇ ਪੂਰਾ ਦਿਨ ਸਟੇਜਾਂ ਚੱਲਣਗੀਆਂ ਅਤੇ ਰਾਤ ਵਕਤ ਨਾਟਕ ਮੰਡਲੀਆਂ ਵੱਲੋਂ ਕਿਸਾਨੀ ‘ਤੇ ਨਾਟਕ ਪੇਸ਼ ਕੀਤੇ ਜਾਣੇ ਹਨ|
ਵੱਡੀ ਗਿਣਤੀ ਵਿਚ ਅਧਿਆਪਕ ਭਾਈਚਾਰਾ ਵੀ ਜਾ ਰਿਹਾ ਹੈ| ਗਾਇਕ ਅਤੇ ਕਲਮਕਾਰ ਵੀ ਭਲਕੇ ਦਿੱਲੀ ਪੁੱਜ ਰਹੇ ਹਨ| ਵੱਡੀਆਂ ਬੱਸਾਂ ਅਤੇ ਮਿੰਨੀ ਬੱਸਾਂ ਵੱਡੀ ਗਿਣਤੀਆਂ ਵਿਚ ਅੱਜ ਰਵਾਨਾ ਹੋਈਆਂ ਹਨ| ਆਮ ਲੋਕਾਂ ਵਿਚ ਇਹ ਅਹਿਸਾਸ ਬੱਝਾ ਹੈ ਕਿ ਏਕਤਾ ਅਤੇ ਸਿਰੜ ਨਾਲ ਮਿਸ਼ਨ ਫ਼ਤਿਹ ਹੋ ਜਾਂਦੇ ਹਨ| ਪੰਜਾਬ ਦੀਆਂ 32 ਕਿਸਾਨ ਧਿਰਾਂ ਦੇ ਪ੍ਰਮੁੱਖ ਆਗੂ ਪਹਿਲਾਂ ਹੀ ਦਿੱਲੀ ਪਹੁੰਚ ਗਏ ਹਨ| ਅੱਜ ਇਨ੍ਹਾਂ ਆਗੂਆਂ ਨੇ ਭਲਕੇ ਦੀ ਰਣਨੀਤੀ ਲਈ ਮੀਟਿੰਗ ਵੀ ਕੀਤੀ ਹੈ|
ਜੋ ਬਚ ਨਾ ਸਕੇ, ਜ਼ਮੀਨਾਂ ਬਚਾਅ ਗਏ…
ਕਿਸਾਨ ਘੋਲ ਦੇ ਇੱਕ ਵਰ੍ਹੇ ਦੌਰਾਨ ਪੰਜਾਬ ਦੇ ਕਰੀਬ 650 ਕਿਸਾਨ ਮਜ਼ਦੂਰ ਸ਼ਹੀਦ ਹੋ ਗਏ ਹਨ| ਇਨ੍ਹਾਂ ਸ਼ਹੀਦਾਂ ਦੇ ਪਰਿਵਾਰ ਵੀ ਅੱਜ ਦਿੱਲੀ ਲਈ ਰਵਾਨਾ ਹੋਏ ਹਨ| ਇਨ੍ਹਾਂ ਨੂੰ ਆਪਣੇ ਜੀਆਂ ਦੇ ਚਲੇ ਜਾਣ ਦਾ ਅਫ਼ਸੋਸ ਹੈ ਅਤੇ ਨਾਲ ਫ਼ਖ਼ਰ ਵੀ ਹੈ ਕਿ ਇਨ੍ਹਾਂ ਸ਼ਹਾਦਤਾਂ ਨੇ ਜ਼ਮੀਨਾਂ ਬਚਾ ਦਿੱਤੀਆਂ ਹਨ| ਪਤਾ ਲੱਗਾ ਹੈ ਕਿ ਅੱਜ ਰਵਾਨਾ ਹੋਈਆਂ ਬੱਸਾਂ ਵਿਚ ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਦੀਆਂ ਤਸਵੀਰਾਂ ਵੀ ਸਜਾ ਕੇ ਰੱਖੀਆਂ ਗਈਆਂ ਸਨ| ਵਰ੍ਹੇਗੰਢ ਦੇ ਸਮਾਗਮਾਂ ਵਿਚ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਲਈ ਕੇਂਦਰ ਸਰਕਾਰ ਨੂੰ ਹਲੂਣਾ ਦਿੱਤਾ ਜਾਣਾ ਹੈ|
ਕਿਸਾਨ ਅੰਦੋਲਨ ਦੀ ਵਰ੍ਹੇਗੰਢ ਮਨਾਉਣ ਲਈ ਸੈਂਕੜੇ ਕਾਫਲੇ ਰਵਾਨਾ
ਚੰਡੀਗੜ੍ਹ (ਆਤਿਸ਼ ਗੁਪਤਾ): ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਅੱਜ ਸੈਂਕੜੇ ਕਾਫ਼ਲੇ ਦਿੱਲੀ ਲਈ ਰਵਾਨਾ ਹੋਏ। ਇਸੇ ਤਰ੍ਹਾਂ ਸੂਬੇ ’ਚ 125 ਥਾਵਾਂ ’ਤੇ ਚੱਲ ਰਹੇ ਪੱਕੇ ਧਰਨਿਆਂ ਵਿੱਚ ਵੀ ਵੱਡੇ ਇਕੱਠ ਕਰਨ ਦੀ ਵਿਉਂਤਬੰਦੀ ਹੈ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਪੰਜਾਬ ਅਤੇ ਹਰਿਆਣਾ ਵਿੱਚੋਂ ਵੱਡੀ ਗਿਣਤੀ ਕਾਫ਼ਲੇ ਡੱਬਵਾਲੀ ਬਾਰਡਰ ਅਤੇ ਖਨੌਰੀ ਬਾਰਡਰ ਤੋਂ ਦਿੱਲੀ ਲਈ ਰਵਾਨਾ ਹੋਏ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਸੂਬੇ ਦੇ 1876 ਪਿੰਡਾਂ ਵਿੱਚੋਂ 878 ਵੱਡੀਆਂ ਬੱਸਾਂ, 1055 ਮਿਨੀ ਬੱਸਾਂ, 290 ਟਰੱਕਾਂ/ਕੈਂਟਰਾਂ ਸਮੇਤ ਢਾਈ ਹਜ਼ਾਰ ਵਾਹਨਾਂ ਦਾ ਜਥਾ ਰਾਸ਼ਨ-ਰਜਾਈਆਂ ਅਤੇ ਹੋਰ ਲੋੜੀਂਦੇ ਸਾਮਾਨ ਨਾਲ ਟਿਕਰੀ ਮੋਰਚੇ ਲਈ ਰਵਾਨਾ ਹੋ ਗਿਆ ਹੈ। ਇਸੇ ਤਰ੍ਹਾਂ ਪ੍ਰਗਤੀਸ਼ੀਲ ਲੇਖਕ ਸੰਘ ਦੀ ਅਗਵਾਈ ਹੇਠ ਦੇਸ਼ ਦੀਆਂ ਵੱਖ-ਵੱਖ ਭਾਸ਼ਾਵਾਂ ਦੇ ਵੱਡੇ ਲੇਖਕ, ਚਿੰਤਕ, ਰੰਗ-ਕਰਮੀ ਅਤੇ ਕਲਾਕਾਰ 26 ਨਵੰਬਰ ਨੂੰ ਟਿਕਰੀ ਮੋਰਚੇ ਅਤੇ 27 ਨਵੰਬਰ ਨੂੰ ਸਿੰਘੂ ਬਾਰਡਰ ’ਤੇ ਆਪਣੀ ਭਰਵੀਂ ਹਾਜ਼ਰੀ ਲਵਾਉਣਗੇ।