ਇਕਬਾਲ ਸਿੰਘ ਸ਼ਾਂਤ
ਲੰਬੀ, 6 ਫਰਵਰੀ
ਅਕਾਲੀ-ਬਸਪਾ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਦਾ ਪੋਤਰਾ ਅਨੰਤਵੀਰ ਸਿੰਘ ਬਾਦਲ ਵੀ ਅੱਜ ਆਪਣੇ ਦਾਦੇ ਦੀ ਚੋਣ ਮੁਹਿੰਮ ਨੂੰ ਭਖਾਉਣ ਨੂੰ ਹਲਕੇ ਦੀ ਜਨਤਕ ਸਫ਼ਾਂ ਵਿੱਚ ਨਿੱਤਰ ਆਇਆ ਹੈ। ਉਹ 20 ਫਰਵਰੀ ਨੂੰ ਪਹਿਲੀ ਵਾਰ ਵੋਟ ਦੇ ਲੋਕਤੰਤਰਿਕ ਅਧਿਕਾਰ ਦੀ ਵਰਤੋਂ ਕਰੇਗਾ। ਉਸ ਨੇ ਅੱਜ ਪਿੰਡ ਬਾਦਲ, ਬੀਦੋਵਾਲੀ, ਮਾਨ ਅਤੇ ਖਿਓਵਾਲੀ ’ਚ ਯੂਥ ਅਕਾਲੀ ਦਲ ਦੇ ਚੋਣ ਜਲਸਿਆਂ ਵਿਚ ਹਿੱਸਾ ਲਿਆ।
ਪੰਜਾਬ ਭਰ ਵਿੱਚ ਬਹੁਗਿਣਤੀ ਉਮੀਦਵਾਰਾਂ ਦੇ ਪੁੱਤ-ਪੋਤਰੇ ਅਤੇ ਧੀਆਂ-ਧਿਆਣੀਆਂ ਵੋਟਾਂ ਦੀ ਅਪੀਲ ਕਰ ਰਹੇ ਹਨ। ਪਰ ਅਨੰਤਵੀਰ ਬਾਦਲ ਦੇ ਚੋਣ ਪ੍ਰਚਾਰ ਦੀ ਵਿਲੱਖਣਤਾ ਹੈ ਕਿ ਉਹ ਸਭ ਤੋਂ ਵਡੇਰੀ ਉਮਰ ਦੇ ਉਮੀਦਵਾਰ ਅਤੇ ਪੰਜ ਵਾਰ ਮੁੱਖ ਮੰਤਰੀ ਰਹੇ ਆਪਣੇ ਦਾਦੇ ਲਈ ਪ੍ਰਚਾਰ ਕਰ ਰਿਹਾ ਹੈ। ਅਸ਼ੋਕਾ ਯੂਨੀਵਰਸਿਟੀ ਦਿੱਲੀ ’ਚ ਇਕਨੌਮਿਕਸ ਅਤੇ ਫਾਇਨਾਂਸ ਦੀ ਬੈਚੁਲਰ ਡਿਗਰੀ ਦੇ ਦੂਜੇ ਵਰ੍ਹੇ ਦਾ ਵਿਦਿਆਰਥੀ ਅਨੰਤਵੀਰ ਚੋਣ ਜਲਸੇ ’ਚ ਸਿਆਸੀ ਤਕਰੀਰਾਂ ਤੋਂ ਦੂਰ ਹੈ। ਉਸ ਵੱਲੋਂ ਹੱਥ ਜੋੜ ਵੋਟਰਾਂ ਨੂੰ ਹਲਕੇ ’ਚ ਦਾਦਾ ਬਾਦਲ ਵੱਲੋਂ ਕੀਤੇ ਵਿਕਾਸ ਕਾਰਜਾਂ ’ਤੇ ਆਧਾਰ ’ਤੇ ਸਹਿਯੋਗ ਦੀ ਅਪੀਲ ਕੀਤੀ ਜਾ ਰਹੀ ਹੈ।
ਜਲਸਿਆਂ ਵਿੱਚ ਉਸ ਦੇ ਨਾਲ ਸੈਲਫੀਆਂ ਲੈਣ ਲਈ ਉਸ ਦੇ ਹਮਉਮਰ ਨੌਜਵਾਨਾਂ ਵਿੱਚ ਕਾਫੀ ਚਾਅ ਹੈ। ਬਿਰਧ ਔਰਤਾਂ ਉਸ ਨੂੰ ‘ਬਾਦਲ ਦਾ ਪੋਤਾ ਆ ਗਿਆ’ ਆਖ ਕੇ ਮਿਲ ਰਹੀਆਂ ਹਨ। ਅਨੰਤਵੀਰ ਸਿੰਘ ਦੀ ਵੱਡੀ ਭੈਣ ਗੁਰਲੀਨ ਕੌਰ ਬਾਦਲ ਵੀ ਆਪਣੀ ਮਾਤਾ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨਾਲ ਬਠਿੰਡਾ ਜ਼ਿਲ੍ਹੇ ਵਿਚ ਚੋਣ ਪ੍ਰਚਾਰ ਵਿੱਚ ਸ਼ਾਮਲ ਹੋਈ ਹੈ। ਜ਼ਿਕਰਯੋਗ ਹੈ ਕਿ 2016 ਵਿੱਚ ਅਨੰਤਵੀਰ ਪਹਿਲੀ ਵਾਰ ਪਿੰਡ ਮਾਨ ਵਿੱਚ ਦਾਦਾ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਵਿੱਚ ਜਨਤਕ ਤੌਰ ’ਤੇ ਸ਼ਾਮਲ ਹੋਇਆ ਸੀ।