ਬੀ. ਐੱਸ. ਚਾਨਾ
ਸ੍ਰੀ ਆਨੰਦਪੁਰ ਸਾਹਿਬ, 30 ਜਨਵਰੀ
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਦੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣ ਅਤੇ ਸੀਨੀਅਰ ਮੀਤ ਪ੍ਰਧਾਨ ਸਣੇ ਹਲਕਾ ਇੰਚਾਰਜ ਥਾਪੇ ਜਾਣ ਤੋਂ ਬਾਅਦ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਅਕਾਲੀ-ਬਸਪਾ ਗਠਜੋੜ ਦੇ ਉਮੀਦਵਾਰ ਨੂੰ ਲੈ ਕੇ ਭੰਬਲਭੂਸੇ ਵਾਲੀ ਸਥਿਤੀ ਬਣ ਗਈ ਹੈ। ਅੱਜ ਜਿੱਥੇ ਪ੍ਰੈਸ ਕਾਨਫਰੰਸ ਦੌਰਾਨ ਨਿਤਿਨ ਨੰਦਾ ਨੇ ਖੁਦ ਨੂੰ ਗਠਜੋੜ ਦਾ ਇਕਲੌਤਾ ਉਮੀਦਵਾਰ ਦੱਸਦੇ ਹੋਏ ਐਲਾਨ ਕੀਤਾ ਕਿ ਉਹ ਹੀ ਬਸਪਾ ਦੀ ਟਿਕਟ ’ਤੇ ਇੱਥੋਂ ਚੋਣ ਲੜਨਗੇ। ਦੂਸਰੇ ਪਾਸੇ ਹਲਕੇ ਦੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਮਦਨ ਮੋਹਨ ਮਿੱਤਲ ਦੇ ਝੰਡੇ ਹੇਠ ਇਕਮੁੱਠ ਹੀ ਨਹੀਂ ਹੋਈ ਬਲਕਿ ਐਡਵੋਕੇਟ ਅਰਵਿੰਦ ਮਿੱਤਲ ਨੂੰ ਗਠਜੋੜ ਵੱਲੋਂ ਚੋਣ ਲੜਾਉਣ ਦਾ ਦਾਅਵਾ ਵੀ ਠੋਕ ਦਿੱਤਾ ਹੈ।
ਗੱਠਜੋੜ ਵੱਲੋਂ ਇਸ ਹਲਕੇ ਤੋਂ ਪਹਿਲਾਂ ਐਲਾਨੇ ਉਮੀਦਵਾਰ ਨਿਤਿਨ ਨੰਦਾ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਹਲਕੇ ਅੰਦਰ ਅਫਵਾਹਾਂ ਉੱਡ ਰਹੀਆਂ ਹਨ ਕਿ ਉਨ੍ਹਾਂ ਦੀ ਥਾਂ ਐਡਵੋਕੇਟ ਅਰਵਿੰਦ ਮਿੱਤਲ ਬਸਪਾ ਦੇ ਚੋਣ ਨਿਸ਼ਾਨ ’ਤੇ ਇੱਥੋਂ ਵਿਧਾਨ ਸਭਾ ਦੀ ਚੋਣ ਲੜਨਗੇ। ਉਨ੍ਹਾਂ ਨੇ ਇਨ੍ਹਾਂ ਅਫਵਾਹਾਂ ਨੂੰ ਆਪਣੇ ਖ਼ਿਲਾਫ਼ ਸਾਜ਼ਿਸ਼ ਦੱਸਦਿਆਂ ਕਿਹਾ ਕਿ ਮੇਰੀ ਜਿੱਤ ਦੀਆਂ ਸੰਭਾਵਨਾਵਾਂ ਨੂੰ ਦੇਖਦਿਆਂ ਕਾਂਗਰਸ ਅਤੇ ਭਾਜਪਾ ਵੱਲੋਂ ਕਥਿਤ ਤੌਰ ’ਤੇ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਇਸ ਮੌਕੇ ਜ਼ਿਲ੍ਹਾ ਬਸਪਾ ਪ੍ਰਧਾਨ ਰਾਮਪਾਲ ਅਬਿਆਣਾ ਨੇ ਕਿਹਾ ਕਿ ਪਾਰਟੀ ਹਾਈਕਮਾਨ ਵੱਲੋਂ ਉਨ੍ਹਾਂ ਦੀ ਡਿਊਟੀ ਉਮੀਦਵਾਰ ਨੰਦਾ ਦੇ ਨਾਲ ਲਗਾਈ ਗਈ ਹੈ, ਜਿਸ ਕਰਕੇ ਨਿਤਿਨ ਨੰਦਾ ਵੱਲੋਂ ਬੀਤੇ ਦਿਨੀਂ ਰਿਟਰਨਿੰਗ ਅਫਸਰ ਕੋਲ ਆਪਣੇ ਨਾਮਜ਼ਦਗੀ ਪੱਤਰ ਵੀ ਦਾਖ਼ਲ ਕਰਵਾਏ ਗਏ ਸਨ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਬਾਕੀ ਜੋ ਵੀ ਫੈਸਲਾ ਹਾਈ ਕਮਾਨ ਕਰੇਗੀ, ਅਸੀਂ ਸਾਰੇ ਉਸ ਹੁਕਮ ਦੇ ਪਾਬੰਦ ਹੋਵਾਂਗੇ।
ਭਾਜਪਾ ਦਾ ਝੰਡਾ ਉਤਾਰ ਕੇ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਚੜ੍ਹਾਇਆ
ਸਥਾਨਕ ਮਾਡਲ ਟਾਊਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਮਦਨ ਮੋਹਨ ਮਿੱਤਲ ਦੀ ਅਗਵਾਈ ਵਿੱਚ ਜਿੱਥੇ ਭਾਜਪਾ ਦੇ ਝੰਡੇ ਨੂੰ ਉਤਾਰ ਕੇ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਚੜ੍ਹਾਇਆ ਗਿਆ ਉੱਥੇ ਹੀ ਸ੍ਰੀ ਮਿੱਤਲ ਨੇ ਐਲਾਨ ਕੀਤਾ ਕਿ ਉਹ ਬੀਤੇ 5 ਸਾਲਾਂ ਦੌਰਾਨ ਵਿਕਾਸ ’ਚ ਆਈ ਖੜੋਤ ਤੋਂ ਨਿਜ਼ਾਤ ਦਿਵਾਉਣ ਲਈ ਪਾਰਟੀ ਦੇ ਵਰਕਰਾਂ ਦੀ ਅਗਵਾਈ ਕਰਨਗੇ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਕਿਸੇ ਵੀ ਵਰਕਰ ਦੇ ਨਾਲ ਧੱਕਾ ਨਹੀਂ ਹੋਣ ਦੇਣਗੇ। ਇਸ ਮੌਕੇ ਵਰਕਰਾਂ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਐਡਵੋਕੇਟ ਅਰਵਿੰਦ ਮਿੱਤਲ ਗਠਜੋੜ ਦੇ ਉਮੀਦਵਾਰ ਹੋਣਗੇ ਤੇ ਜਿੱਤ ਦਰਜ ਕਰਨਗੇ।
ਉਮੀਦਵਾਰ ਹਰਮੋਹਣ ਸੰਧੂ ਮੁੱਖ ਮੰਤਰੀ ਚੰਨੀ ’ਤੇ ਵਰ੍ਹੇ
ਰੂਪਨਗਰ (ਜਗਮੋਹਨ ਸਿੰਘ): ਹਲਕਾ ਚਮਕੌਰ ਸਾਹਿਬ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖ਼ਿਲਾਫ਼ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਹਰਮੋਹਣ ਸਿੰਘ ਸੰਧੂ ਨੇ ਕਿਹਾ ਕਿ ਸ੍ਰੀ ਚੰਨੀ ਨੂੰ ਚਮਕੌਰ ਸਾਹਿਬ ਹਲਕੇ ਤੋਂ ਹਾਰ ਪ੍ਰਤੱਖ ਨਜ਼ਰ ਆ ਰਹੀ ਹੈ ਜਿਸ ਕਰਕੇ ਉਨ੍ਹਾਂ ਨੇ ਕਿਸੇ ਹੋਰ ਹਲਕੇ ਤੋਂ ਵੀ ਚੋਣ ਲੜਨ ਦਾ ਮਨ ਬਣਾਇਆ ਹੈ। ਅੱਜ ਰੂਪਨਗਰ ਜ਼ਿਲ੍ਹੇ ਦੇ ਪਿੰਡ ਅਧਰੇੜਾ ਤੇ ਅਟਲਗੜ੍ਹ ਵਿੱਚ ਚੋਣ ਪ੍ਰਚਾਰ ਦੌਰਾਨ ਸ੍ਰੀ ਸੰਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਮੁੱਖ ਮੰਤਰੀ ਦੇ ਰੇਤ ਮਾਫੀਆ ਨਾਲ ਕਥਿਤ ਸਬੰਧਾਂ ਦੀ ਪੋਲ ਖੋਲ੍ਹੇ ਜਾਣ ਤੋਂ ਬਾਅਦ ਮੁੱਖ ਮੰਤਰੀ ਨੇ ਵਿਧਾਨ ਸਭਾ ਦੀ ਦੂਹਰੀ ਚੋਣ ਲੜਨ ਲਈ ਪੰਜਾਬ ਦੀ ਕਿਸੇ ਹੋਰ ਸੁਰੱਖਿਅਤ ਸੀਟ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ ਤੇ ਹੁਣ ਉਨ੍ਹਾਂ ਚਮਕੌਰ ਸਾਹਿਬ ਦੇ ਨਾਲ ਨਾਲ ਭਦੌੜ ਹਲਕੇ ਤੋਂ ਵੀ ਚੋਣ ਲੜਨ ਦਾ ਮਨ ਬਣਾਇਆ ਹੈ।