ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 13 ਅਕਤੂਬਰ
ਇਥੇ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ’ਤੇ ਪਿਛਲੇ ਪੰਜ ਦਿਨਾਂ ਤੋਂ ਚੜ੍ਹੇ ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ ਨੇ ਅੱਜ ਮਰਨ ਵਰਤ ਮੁੜ ਸ਼ੁਰੂ ਕਰ ਦਿੱਤਾ ਗਿਆ। ਕੱਲ੍ਹ ਚੰਡੀਗੜ੍ਹ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਯੂਨੀਅਨ ਵਫ਼ਦ ਦੀ ਬੇਸਿੱਟਾ ਰਹੀ ਮੀਟਿੰਗ ਤੋਂ ਬਾਅਦ ਮੁੜ ਸ਼ੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ ਸੀ। ਬੇਰੁਜ਼ਗਾਰ ਅਧਿਆਪਕ 2364 ਈਟੀਟੀ ਅਸਾਮੀਆਂ ਦੀ ਭਰਤੀ ਪ੍ਰਕਿਰਿਆ ਮੁਕੰਮਲ ਕਰਾਉਣ ਲਈ ਪੰਜਾਬ ਸਰਕਾਰ ਤੋਂ ਅਦਾਲਤ ਵਿੱਚ ਹਲਫ਼ਨਾਮਾ ਦਾਇਰ ਕਰਨ ਦੀ ਮੰਗ ਕਰ ਰਹੇ ਹਨ।
ਮਰਨ ਵਰਤੀ ਸੁਰਿੰਦਰਪਾਲ ਨੇ ਕਿਹਾ ਕਿ ਯੂਨੀਅਨ ਵਫ਼ਦ ਵੱਡੀਆਂ ਉਮੀਦਾਂ ਲੈ ਕੇ ਸਿੱਖਿਆ ਮੰਤਰੀ ਪੰਜਾਬ ਨਾਲ ਮੀਟਿੰਗ ਕਰਨ ਲਈ ਗਿਆ ਸੀ ਪਰ ਸਿੱਖਿਆ ਮੰਤਰੀ ਵੱਲੋਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਇਹ ਸ਼ਰਤ ਰੱਖ ਦਿੱਤੀ ਕਿ ਜਦੋਂ ਤੱਕ ਯੂਨੀਅਨ ਰੋਸ ਪ੍ਰਦਰਸ਼ਨ ਕਰੇਗੀ, ਉਸ ਤੋਂ ਬਾਅਦ ਮੰਗ ਪੂਰੀ ਕੀਤੀ ਜਾਵੇਗੀ। ਸੁਰਿੰਦਰਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣ।