ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 28 ਅਪਰੈਲ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਵਿਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਬਿਜਲੀ ਸੰਕਟ ਸਬੰਧੀ ਵਿਅੰਗ ਕੱਸਿਆ ਹੈ। ਉਨ੍ਹਾਂ ਆਪਣੇ ਟਵਿੱਟਰ ਖਾਤੇ ’ਤੇ ਵਿਅੰਗ ਕਰਦਿਆਂ ਕਿਹਾ ਕਿ ‘ਇਕ ਮੌਕਾ ਆਪ ਨੂੰ-ਨਾ ਦਿਨੇ ਬਿਜਲੀ ਨਾ ਰਾਤ ਨੂੰ।’
ਸ੍ਰੀ ਸਿੱਧੂ ਨੇ ਲਿਖਿਆ ਕਿ ਇਸ ਵੇਲੇ ਪੰਜਾਬ ਵਿਚ ਬਿਜਲੀ ਦੇ ਵੱਡੇ ਕੱਟ ਲੱਗ ਰਹੇ ਹਨ। ਕਿਸਾਨਾਂ ਨੂੰ ਸਿਰਫ਼ ਦੋ ਘੰਟੇ ਬਿਜਲੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਥਿਤੀ ਵਧੇਰੇ ਮਾੜੀ ਬਣੀ ਹੋਈ ਹੈ। ਉਨ੍ਹਾਂ ਨੇ ਬਿਜਲੀ ਨਿਗਮ ਵੱਲੋਂ ਹੇਠਲੇ ਅਧਿਕਾਰੀਆਂ ਨੂੰ ਜਾਰੀ ਕੀਤੇ ਸਰਕੁਲਰ ਦੀ ਕਾਪੀ ਵੀ ਇੱਥੇ ਨੱਥੀ ਕੀਤੀ ਹੈ, ਜਿਸ ਵਿੱਚ ਵਿਭਾਗ ਵੱਲੋਂ ਐਸਡੀਓ ਅਤੇ ਜੀਏ ਪੱਧਰ ਦੇ ਅਧਿਕਾਰੀਆਂ ਨੂੰ ਆਖਿਆ ਗਿਆ ਕਿ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਗੁਰਦੁਆਰਿਆਂ ਵਿਚ ਮੁਨਾਈ ਕਰਾਉਣ ਕਿ ਥਰਮਲ ਪਲਾਂਟ ਬੰਦ ਹੋਣ ਕਾਰਨ ਬਿਜਲੀ ਦੀ ਘਾਟ ਪੈਦਾ ਹੋ ਗਈ ਹੈ। ਇਸ ਕਾਰਨ ਮਹਿਕਮੇ ਨੂੰ ਮਜਬੂਰੀ ਵਿਚ ਕਈ ਫੀਡਰਾਂ ’ਤੇ ਕੱਟ ਲਾਉਣੇ ਪੈ ਰਹੇ ਹਨ। ਇਨ੍ਹਾਂ ਥਰਮਲਾਂ ’ਤੇ ਬਿਜਲੀ ਦੀ ਸਪਲਾਈ ਜਲਦੀ ਚਾਲੂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਖ਼ਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਥਿਤੀ ਵਿਚ ਬਿਜਲੀ ਨਿਗਮ ਦੀ ਮਦਦ ਕਰਨ ਅਤੇ ਸ਼ਾਂਤੀ ਬਣਾਈ ਰੱਖਣ। ਇਸ ਦੌਰਾਨ ਸ੍ਰੀ ਸਿੱਧੂ ਨੇ ਕਣਕ ਦੀ ਖ਼ਰੀਦ ਅਤੇ ਸਾਂਭ-ਸੰਭਾਲ ਦੇ ਮੁੱਦੇ ’ਤੇ ਵੀ ਪੰਜਾਬ ਸਰਕਾਰ ਨੂੰ ਕਰਾਰੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਹੁਣ ਤਕ ਟੀਚੇ ਤੋਂ ਘੱਟ ਕਣਕ ਦੀ ਖ਼ਰੀਦ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ਵਿਚ ਕਿਸਾਨਾਂ ਨੂੰ ਰਾਹਤ ਦੇਣ ਵਿਚ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਐੱਫਸੀਆਈ ਖ਼ਰੀਦ ਨਿਯਮਾਂ ਵਿਚ ਕੁਝ ਛੋਟ ਨਹੀਂ ਦੇ ਰਹੀ ਤਾਂ ਪੰਜਾਬ ਸਰਕਾਰ ਅਗਲੇ ਦੋ ਦਿਨਾਂ ਵਿਚ ਕਣਕ ਦੀ ਖ਼ੁਦ ਖ਼ਰੀਦ ਕਰੇ ਅਤੇ ਕਿਸਾਨਾਂ ਨੂੰ ਕਣਕ ਦੇ ਘੱਟ ਝਾੜ ਲਈ 500 ਰੁਪਏ ਵਾਧੂ ਬੋਨਸ ਵੀ ਦੇਵੇ। ਉਨ੍ਹਾਂ ਇਸ ਮਾਮਲੇ ਵਿਚ ਕਿਸਾਨਾਂ ਨਾਲ ਰਲ ਕੇ ਸੰਘਰਸ਼ ਦੀ ਵੀ ਚਿਤਾਵਨੀ ਦਿੱਤੀ ਹੈ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪੈਦਾ ਹੋਏ ਬਿਜਲੀ ਸੰਕਟ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।