ਨਿੱਜੀ ਪੱਤਰ ਪ੍ਰੇਰਕ
ਜਲੰਧਰ, 19 ਸਤੰਬਰ
ਦੇਸ਼ ਭਗਤ ਯਾਦਗਾਰ ਕਮੇਟੀ ਦੀ ਮੀਟਿੰਗ ਦੌਰਾਨ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਾਲ 31ਵੇਂ ਗ਼ਦਰੀ ਬਾਬਿਆਂ ਦੇ ਮੇਲੇ ਲਈ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਨਾਟਕਕਾਰਾਂ ਤੇ ਗੀਤਕਾਰਾਂ ਨੂੰ ਸੱਦੇ ਭੇਜੇ ਗਏ ਹਨ। ਮੀਟਿੰਗ ਦਾ ਆਗਾਜ਼ ਕਰਦਿਆਂ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਜਿੱਥੇ ਮੇਲੇ ਸਬੰਧੀ ਵਿਸਥਾਰ ਪੂਰਵਕ ਰਿਪੋਰਟ ਪੇਸ਼ ਕੀਤੀ, ਉਥੇ ਹੀ ਉਨ੍ਹਾਂ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਦੇ ਨਾਟਕਕਾਰਾਂ ਅਤੇ ਗੀਤਕਾਰਾਂ ਨੂੰ ਭੇਜੇ ਗਏ ਸੱਦੇ ਬਾਰੇ ਜਾਣਕਾਰੀ ਦਿੱਤੀ। ਜਾਣਕਾਰੀ ਅਨੁਸਾਰ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ਵਿੱਚ ਲੱਗਣ ਵਾਲੇ ਤਿੰਨ ਰੋਜ਼ਾ ਮੇਲੇ ਦੀ ਸ਼ੁਰੂਆਤ 30 ਅਕਤੂਬਰ ਨੂੰ ਹੋਵੇਗੀ ਅਤੇ ਪਹਿਲੀ ਨਵੰਬਰ ਤੱਕ ਇਸ ਮੇਲੇ ਵਿੱਚ ਭੱਖਵੀਂ ਚਰਚਾ ਹੋਵੇਗੀ। ਇਸ ਸਬੰਧੀ ਅੱਜ ਮੇਲਾ ਤਿਆਰੀ ਕਮੇਟੀ, ਕੁਇਜ਼, ਭਾਸ਼ਨ, ਗਾਇਨ, ਪੇਂਟਿੰਗ, ਕਵੀ ਦਰਬਾਰ, ਪ੍ਰੈੱਸ, ਲੰਗਰ, ਵਾਲੰਟੀਅਰ, ਮੈਡੀਕਲ ਤੇ ਸੋਵੀਨਰ ਆਦਿ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇਸ ਮੌਕੇ ਡਾ. ਹਰਜਿੰਦਰ ਅਟਵਾਲ, ਡਾ. ਸੈਲੇਸ਼, ਡਾ. ਮੰਗਤ ਰਾਏ, ਪ੍ਰੋ. ਹਰਜੀਤ ਸਿੰਘ, ਪ੍ਰੋ. ਸੁਰਜੀਤ ਜੱਜ, ਪ੍ਰੋ. ਗੋਪਾਲ ਬੁੱਟਰ ਚਾਨਣ ਰਾਮ, ਜੋਗਿੰਦਰ ਸਿੰਘ ਕੁੱਲੇਵਾਲ, ਵਿਜੈ ਬੰਬੇਲੀ, ਜਰਨੈਲ ਅੱਚਰਵਾਲ, ਚਮਕੌਰ ਅੱਚਰਵਾਲ, ਚਰੰਜੀ ਲਾਲ ਕੰਗਣੀਵਾਲ, ਸੀਤਲ ਸਿੰਘ ਸੰਘਾ ਮੀਤ ਪ੍ਰਧਾਨ, ਰਣਜੀਤ ਸਿੰਘ ਔਲਖ ਵਿੱਤ ਸਕੱਤਰ, ਸੁਰਿੰਦਰ ਕੁਮਾਰੀ ਕੋਛੜ ਤੇ ਬਲਬੀਰ ਕੌਰ ਬੁੰਡਾਲਾ ਆਦਿ ਨੇ ਮੇਲੇ ਨੂੰ ਚਾਰ ਚੰਨ ਲਾਉਣ ਲਈ ਨਿੱਗਰ ਉੱਦਮ ਜੁਟਾਉਣ ਦਾ ਭਰੋਸਾ ਦਿੱਤਾ। ਇਸ ਦੌਰਾਨ ਦੇਸ਼ ਭਗਤ ਯਾਦਗਾਰ ਕਮੇਟੀ ਦੇ ਕਾਰਜਕਾਰੀ ਜਨਰਲ ਸਕੱਤਰ ਡਾ. ਪਰਮਿੰਦਰ ਸਿੰਘ ਅਤੇ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਮੇਲੇ ਨੂੰ ਭਰਵਾਂ ਹੁੰਗਾਰਾ ਭਰਨ ’ਤੇ ਮੁਬਾਰਕਵਾਦ ਦਿੱਤੀ।