ਦਿਲਬਾਗ ਸਿੰਘ ਗਿੱਲ
ਅਟਾਰੀ, 16 ਮਾਰਚ
ਵਿਸ਼ਵ ਅਮਨ ਦੀ ਸਲਾਮਤੀ ਲਈ ਸੂਫ਼ੀ ਸ਼ਾਇਰਾਂ ਦੇ ਕਲਾਮ ਨੂੰ ਨਵੇਂ ਸਿਰਿਓਂ ਪੜ੍ਹਨ ਤੇ ਮੁੜ ਵਿਚਾਰਨ ਦੀ ਲੋੜ ਹੈ। ਇਹ ਵਿਚਾਰ ਅੱਜ ਲਾਹੌਰ ਵਿੱਚ ਚੱਲ ਰਹੀ 31ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਮੌਕੇ ਪਾਕਿਸਤਾਨ ਦੇ ਖੋਜੀ ਵਿਦਵਾਨ ਡਾ. ਇਕਬਾਲ ਕੈਸਰ ਨੇ ਪ੍ਰਗਟਾਏ। ਉਨ੍ਹਾਂ ਕਿਹਾ ਕਿ ਸਾਨੂੰ ਦੋ ਪੰਜਾਬਾਂ ਦੀ ਥਾਂ ਸਪਤ ਸਿੰਧੂ ਵਾਲੇ ਪੰਜਾਬ ਦੀ ਬਾਤ ਪਾਉਣੀ ਚਾਹੀਦੀ ਹੈ। ਪ੍ਰੋ. ਗੁਰਭਜਨ ਗਿੱਲ ਅਨੁਸਾਰ ਇਕਬਾਲ ਕੈਸਰ ਨੇ ਕਿਹਾ ਕਿ ਸਾਰਿਆਂ ਨੇ ਹੀ 1947 ’ਚ ਬਹੁਤ ਕੁਝ ਗੁਆਇਆ ਹੈ, ਪਰ ਕਲਮ ਦੀ ਸਾਂਝ ਨੇ ਉਨ੍ਹਾਂ ਨੂੰ ਮੁੜ ਜੋੜਿਆ ਹੈ। ਇਸ ਲਈ ਇਹ ਗੱਲ ਨਹੀਂ ਭੁਲਾਉਣੀ ਚਾਹੀਦੀ ਕਿ ਕਲਾ ਨੇ ਹੀ ਪੂਰੇ ਆਲਮ ਨੂੰ ਜੋੜਨਾ ਹੈ। ਨਾਮਵਰ ਪੰਜਾਬੀ ਲੇਖਕ ਇਲਿਆਸ ਘੁੰਮਣ ਨੇ ਕਿਹਾ ਕਿ ਵਾਰਿਸ ਸ਼ਾਹ ਭਾਵੇਂ ਅਫ਼ਗਾਨੀ ਸਨ, ਪਰ ਜਿਸ ਸ਼ਿੱਦਤ ਨਾਲ ਉਨ੍ਹਾਂ ਪੰਜਾਬ ਨੂੰ ਆਪਣੇ ਸਾਹੀਂ ਰਮਾਇਆ ਹੈ, ਉਨ੍ਹਾਂ ਦੀ ਕੋਈ ਰੀਸ ਨਹੀਂ। ਪੰਜਾਬੀ ਅਕਾਦਮੀ ਦਿੱਲੀ ਦੇ ਸਾਬਕਾ ਸਕੱਤਰ ਗੁਰਭੇਜ ਸਿੰਘ ਗੋਰਾਇਆ ਨੇ ਕਿਹਾ ਕਿ 1929 ’ਚ ਇਸੇ ਲਾਹੌਰ ’ਚ ਰਾਵੀ ਦਰਿਆ ਕੰਢੇ ਪੂਰਨ ਸਵਰਾਜ ਦਾ ਮਤਾ ਪਾਉਂਦਿਆਂ ਵੇਲੇ ਦੀ ਸਰਕਾਰ ਨੇ ਐਲਾਨ ਕੀਤਾ ਸੀ ਕਿ ਦੇਸ਼ ਦਾ ਵਿਕਾਸ ਖੇਤਰੀ ਭਾਸ਼ਾਵਾਂ ’ਚ ਹੋਵੇਗਾ, ਪਰ ਅੱਜ ਵੀ ਭਾਰਤ ਤੇ ਪਾਕਿਸਤਾਨ ਦੇ ਲੋਕ ਮਾਂ ਬੋਲੀ ਦੀ ਲੜਾਈ ਲੜ ਰਹੇ ਹਨ। ਅੰਮ੍ਰਿਤਸਰ ਵੱਸਣ ਵਾਲੇ ਪੰਜਾਬੀ ਕਵੀ ਦੇਵ ਦਰਦ ਦੇ ਅਚਨਚੇਤ ਚਲਾਣੇ ’ਤੇ ਸਮੂਹ ਹਿੰਦ-ਪਾਕਿ ਦੇ ਇਸ ਕਾਨਫ਼ਰੰਸ ਚ ਸ਼ਾਮਲ ਲਿਖਾਰੀਆਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ। ਮੈਗਜ਼ੀਨ ‘ਹੁਣ’ ਦੇ ਪ੍ਰਬੰਧਕੀ ਸੰਪਾਦਕ ਕਮਲ ਦੋਸਾਂਝ ਨੇ ਕਿਹਾ ਕਿ ਵਿਸ਼ਵ ਅਮਨ ਦੀ ਸਲਾਮਤੀ ਦੇ ਨਾਲ-ਨਾਲ ਸਾਨੂੰ ਔਰਤ ਦੇ ਸਨਮਾਨ ਦੀ ਜੰਗ ਵੀ ਲੜਨੀ ਚਾਹੀਦੀ ਹੈ। ਡਾ. ਸਵੈਰਾਜ ਸੰਧੂ ਨੇ ਕਿਹਾ ਕਿ ਪੰਜਾਬੀ ਵੰਨ-ਸੁਵੰਨੇ ਹੁਕਮਰਾਨਾਂ ਦੀ ਹਕੂਮਤ ਕਾਰਨ ਰੁੱਖੇ-ਮਿੱਸੇ ਸਭਿਆਚਾਰ ਦਾ ਪ੍ਰਤੀਕ ਹਨ। ਇਸ ਦੇ ਨਾਲ ਹੀ ਉਰਦੂ ਨਾਵਲਕਾਰ ਅਬਦਾਲ ਬੇਲਾ, ਜੀਐੱਨਡੀਯੂ ਤੋਂ ਪ੍ਰੋਫ਼ੈਸਰ ਡਾ. ਭਾਰਤਬੀਰ ਕੌਰ, ਫਿਰੋਜ਼ਪੁਰ ਤੋਂ ਆਏ ਕਵੀ ਪ੍ਰੋ. ਗੁਰਤੇਜ ਕੋਹਾਰਵਾਲਾ, ਸਆਦਤ ਹਸਨ ਮੰਟੋ ਦੇ ਗਰਾਈਂ ਤੇ ਸਮਰਾਲਾ ਤੋਂ ਆਏ ਲੇਖਕ ਦਲਜੀਤ ਸ਼ਾਹੀ, ਚੰਡੀਗੜ੍ਹ ਤੋਂ ਆਏ ਪੰਜਾਬੀ ਪੱਤਰਕਾਰ ਜਗਤਾਰ ਭੁੱਲਰ, ਫਰਾਂਸ ਤੋਂ ਆਈ ਅਦੀਬ ਅੰਜੂ ਬਾਲਾ ਤੇ ਇੰਗਲੈਂਡ ਤੋਂ ਆਏ ਪੰਜਾਬੀ ਕਵੀ ਅਜ਼ੀਮ ਸ਼ੇਖ਼ਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।