ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਨਵੰਬਰ
ਪੰਜਾਬੀ ਯੂਨੀਵਰਸਿਟੀ ਅਤੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਵੱਲੋਂ ਕਰਵਾਈ ਜਾ ਰਹੀ ਦੋ-ਰੋਜ਼ਾ ‘ਸਰਬ ਭਾਰਤੀ ਪੰਜਾਬੀ ਕਾਨਫ਼ਰੰਸ’ ਅੱੱਜ ਸ਼ੁਰੂ ਹੋ ਗਈ ਹੈ। ‘ਪੰਜਾਬੀ ਭਾਸ਼ਾ ਅਤੇ ਸਾਹਿਤ: ਸਥਿਤੀ ਅਤੇ ਸੰਕਟ’ ਵਿਸ਼ੇ ’ਤੇ ਆਧਾਰਿਤ ਇਸ ਕਾਨਫਰੰਸ ਦੌਰਾਨ ਹੋਈ ਡੂੰਘੀਆਂ ਤਕਰੀਰਾਂ ਦੌਰਾਨ ਪੰਜਾਬੀ ਭਾਸ਼ਾ ਦੇ ਖ਼ਾਤਮੇ ਦੇ ਖਦਸ਼ਿਆਂ ਨੂੰ ਸਿਰੇ ਤੋਂ ਹੀ ਖਾਰਜ ਕਰ ਦਿੱਤਾ ਗਿਆ ਬਲਕਿ ਪਰਵਾਸ ਦੇ ਵਧੇ ਰੁਝਾਨ ਦੇ ਹਵਾਲੇ ਨਾਲ ਵਿਦਵਾਨਾਂ ਨੇ ਪੰੰਜਾਬੀ ਭਾਸ਼ ਦੇ ਹੁਣ ਸੱਤ ਸਮੁੰਦਰਾਂ ਦੀ ਭਾਸ਼ਾ ਬਣਨ ਦੀ ਗੱਲ ਵੀ ਜੋਰ-ਸ਼ੋਰ ਨਾਲ ਪ੍ਰਚਾਰੀ ਗਈ। ਮੁੱਖ ਮਹਿਮਾਨ ਵਜੋਂ ਪੁੱਜੇ ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਝਰ ਨੇ ਪੰਜਾਬੀ ਨੂੰ ਹੋਰ ਪੱਕੇ ਪੈਰੀਂ ਕਰਨ ਦੇ ਹਵਾਲੇ ਨਾਲ ਸਰਕਾਰੀ ਦਫਤਰਾਂ ਸਮੇਤ ਅਦਾਲਤਾਂ ਦਾ ਕੰਮ ਵੀ ਪੰਜਾਬੀ ’ਚ ਯਕੀਨੀ ਬਣਾਉਣ ਦਾ ਭਰੋਸਾ ਦਿਵਾਇਆ। ਉਘੇ ਵਿਦਵਾਨ ਡਾ. ਬੂਟਾ ਸਿੰਘ ਬਰਾੜ ਦਾ ਕਹਿਣਾ ਸੀ ਯੂਨੈਸਕੋ ਵੱਲੋਂ 6 ਹਜ਼ਾਰ ਭਾਸ਼ਾਵਾਂ ਵਿੱਚੋਂ 2500 ਭਾਸ਼ਾਵਾਂ ਦੇ ਖਤਮ ਹੋਣ ਦੀ ਗੱਲ ਆਖੀ ਗਈ ਹੈ ਪਰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 13/14 ਕਰੋੜ ਹੋਣ ਕਰ ਕੇ ਸੰਸਾਰ ਭਰ ਦੀਆਂ ਭਾਸ਼ਾਵਾਂ ’ਚ ਪੰਜਾਬੀ ਦਾ 10ਵਾਂ ਸਥਾਨ ਹੈ। ਪਰਵਾਸ ਦੇ ਹਵਾਲੇ ਨਾਲ ਪੰਜਾਬੀ ਦੇ ਹੁਣ ਕੌਮਾਂਤਰੀ ਬਣ ਜਾਣ ਦੀ ਗੱਲ ਕਰਦਿਆਂ, ਉਨ੍ਹਾਂ ਕਿਹਾ ਕਿ ਇਸ ਦੇ ਮਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪ੍ਰੋ. ਹਰਿਭਜਨ ਸਿੰਘ ਭਾਟੀਆ ਨੇ ਆਏ ਵਿਚਾਰਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ’ਤੇ ਜ਼ੋਰ ਦਿੱਤਾ। ਕੋਆਡੀਨੇਟਰ ਡਾ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਭਾਰਤ ਵਿੱਚ ਪੰਜਾਬੀ ਭਾਸ਼ਾ ਗਿਆਰਵੇਂ ਸਥਾਨ ’ਤੇ ਹੈ ਜਦਕਿ ਅਸਟਰੇਲੀਆ ਵਿੱਚ ਪੰਜਵੇਂ ਅਤੇ ਕੈਨੇਡਾ ਵਿੱਚ ਚੌਥੇ ਸਥਾਨ ’ਤੇ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਪੰਜਾਬੀ ਹੈ। ਜਨਾਬ ਖਾਲਿਦ ਹੁਸੈਨ ਦਾ ਕਹਿਣਾ ਸੀ ਕਿ 1947 ਵਿੱਚ ਪੰਜਾਬੀ ਜ਼ੁਬਾਨ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ। ਗੁਰਵਿੰਦਰ ਸਿੰਘ ਧਮੀਜ ਨੇ ਕੈਨੇਡਾ ਤੋਂ ਆਨਲਾਈਨ ਹੋ ਕੇ ਪੰਜਾਬੀ ਦੇ ਪ੍ਰਸਾਰ ਲਈ ਉਪਰਾਲਿਆਂ ’ਤੇ ਗੱਲ ਕੀਤੀ। ਪ੍ਰਧਾਨਗੀ ਭਾਸ਼ਣ ਦੌਰਾਨ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਵੀ ਭਾਵੇਂ ਪੰਜਾਬੀ ਨੂੰ ਖ਼ਤਰਾ ਨਾ ਹੋਣ ਦੀ ਹੀ ਗੱਲ ਆਖੀ ਪਰ ਸੁਚੱਜੀ ਪੈਰਵੀ ਵਜੋਂ ਨਾ ਸਿਰਫ਼ ਸਰਕਾਰੀ ਅਦਾਰਿਆਂ ਬਲਕਿ ਅਦਾਲਤਾਂ ਦਾ ਕੰਮ ਵੀ ਪੰਜਾਬੀ ’ਚ ਕਰਨ, ਇਥੋਂ ਤੱਕ ਕਿ ਇੰਜਨੀਅਰਿੰਗ ਅਤੇ ਮੈਡੀਕਲ ਸਿੱਖਿਆ ਸਮੇਤ ਹਰੇਕ ਕੋਰਸ ’ਚ ਇੱਕ ਵਿਸ਼ੇ ਦਾ ਪੰਜਾਬੀ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਵੱਲੋਂ ਬਣਦੀ ਜ਼ਿੰਮੇਵਾਰੀ ਨਿਭਾਉਣ ਦੀ ਪੇਸ਼ਕਸ਼ ਵੀ ਕੀਤੀ।