ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਮਈ
ਪੰਜਾਬ ਵਿੱਚ ਪਿਛਲੇ ਸੱਤਾਂ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੇ 217ਵੇਂ ਦਿਨ ਕਿਸਾਨ ਬੁਲਾਰਿਆਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੀ ਲੜਾਈ ਨੂੰ ਆਜ਼ਾਦੀ ਦੇ ਸੰਘਰਸ਼ ਵਾਂਗ ਦਿਨ ਪ੍ਰਤੀ ਦਿਨ ਭਖਾਉਣ ਦਾ ਸੱਦਾ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੰਜਾਬੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਆਜ਼ਾਦੀ ਸੰਗਰਾਮ ਵਾਂਗ ਹੁਣ ਵੀ ਸੰਘਰਸ਼ ਦੀ ਅਗਵਾਈ ਪੰਜਾਬ ਦੇ ਹਿੱਸੇ ਆਈ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਕੁਰਬਾਨੀਆਂ ਭਰਿਆ ਇਤਿਹਾਸ ਸਿਰਫ਼ ਪੜ੍ਹਿਆ ਹੀ ਨਹੀਂ ਗਿਆ, ਸਗੋਂ ਵਿਰਾਸਤ ਤੋਂ ਸੇਧ ਵੀ ਲਈ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਲਈ ਕਿਸਾਨਾਂ ਦਾ ਜਜ਼ਬਾ ਬਰਕਰਾਰ ਹੈ। ਸੂਬੇ ਦੀਆਂ 32 ਕਿਸਾਨ ਜਥੇਬੰਦੀਆਂ ਦੇ ਪੱਕੇ ਜਾਰੀ ਹਨ। ਪੰਜਾਬ ਭਰ ਵਿੱਚ 108 ਥਾਵਾਂ, ਟੌਲ ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ ਵਿੱਚ ਲਗਾਤਾਰ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇ ਗੂੰਜ ਰਹੇ ਹਨ।
ਕਿਸਾਨ ਆਗੂਆਂ ਨੇ ਦੱਸਿਆ ਕਿ ਸਰਕਾਰੀ ਪਾਬੰਦੀਆਂ ਨੂੰ ਦਰਕਿਨਾਰ ਕਰਦਿਆਂ ਪੰਜਾਬ ਤੋਂ ਕਿਸਾਨਾਂ ਦੇ ਵੱਡੇ ਕਾਫ਼ਲੇ ਲਗਾਤਾਰ ਦਿੱਲੀ ਰਵਾਨਾ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਆਵਾਜ਼ ਵਿਸ਼ਵ ਪੱਧਰ ’ਤੇ ਗੂੰਜੀ ਹੈ ਪਰ ਤਾਨਾਸ਼ਾਹੀ ਰਵੱਈਏ ’ਤੇ ਉੱਤਰੀ ਕੇਂਦਰ ਸਰਕਾਰ ਕਾਨੂੰਨ ਵਿੱਚ ਗਲਤੀਆਂ ਮੰਨਣ ਦੇ ਬਾਵਜੂਦ ਰੱਦ ਕਰਨ ਤੋਂ ਟਾਲਾ ਵੱਟ ਰਹੀ ਹੈ ਪਰ ਇਸ ਦੇ ਬਾਵਜੂਦ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ ਅਤੇ ਉਹ ਅੰਦੋਲਨ ਜਿੱਤ ਕੇ ਹੀ ਘਰ ਮੁੜਨ ਦਾ ਤਹੱਈਆ ਕਰੀ ਬੈਠੇ ਹਨ।
ਕਿਸਾਨ ਆਗੂਆਂ ਨੇ ਖੇਤੀ ਕਾਨੂੰਨਾਂ ਦੇ ਸੰਘਰਸ਼ ’ਚ ਔਰਤਾਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਟੇਜਾਂ ’ਤੇ ਬਾਹਾਂ ਉੱਚੀਆਂ ਕਰ ਕੇ ਜੋਸ਼ੀਲੀਆਂ ਤਕਰੀਰਾਂ ਦਿੰਦੀਆਂ ਭੈਣਾਂ ਸੱਤਾਧਾਰੀ ਜਮਾਤ ਅੱਗੇ ਵੰਗਾਰ ਬਣੀਆਂ ਖੜ੍ਹੀਆਂ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦਿਆਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।
ਆਗੂਆਂ ਨੇ ਕਿਹਾ ਕਿ ਦਿਨਾਂ ਦੀ ਗਿਣਤੀ ਕੋਈ ਅਹਿਮੀਅਤ ਨਹੀਂ ਰੱਖਦੀ, ਉਨ੍ਹਾਂ ਦਾ ਇੱਕੋ-ਇੱਕ ਨਿਸ਼ਾਨਾ ਆਪਣੀਆਂ ਮੰਗਾਂ ਮਨਵਾਉਣਾ ਹੈ, ਜਿਸ ਲਈ ਅੰਦੋਲਨ ਭਾਵੇਂ ਕਿੰਨਾ ਵੀ ਲੰਮਾ ਕਿਉਂ ਨਾ ਚਲਾਉਣਾ ਪਵੇ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਕਿਸਾਨਾਂ-ਮਜ਼ਦੂਰਾਂ ਦੀ ਵੱਡੀ ਸ਼ਮੂਲੀਅਤ ਲਈ ਕੁੱਝ ਪ੍ਰੋਗਰਾਮ ਉਲੀਕ ਰਿਹਾ ਹੈ ਅਤੇ ਇਨ੍ਹਾਂ ਪ੍ਰੋਗਰਾਮਾਂ ਦੀ ਕਾਮਯਾਬੀ ਲਈ ਹੁਣੇ ਤੋਂ ਹੀ ਲਾਮਬੰਦੀ ਸ਼ੁਰੂ ਕਰ ਦਿੱਤੀ ਜਾਵੇਗੀ।