ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ (ਮੁਹਾਲੀ), 14 ਅਪਰੈਲ
ਕਰੋਨਾ ਕਾਰਨ ਪੰਜਾਬੀ ਸਿਨੇਮਾ ਪਿਛਲੇ ਲਗਪਗ ਇੱਕ ਸਾਲ ਤੋਂ ਨਾਜ਼ੁਕ ਦੌਰ ਵਿੱਚੋਂ ਲੰਘ ਰਿਹਾ ਹੈ।
ਪੰਜਾਬੀ ਸਿਨੇਮਾ ਵਿੱਚ ਆਈ ਖੜੋਤ ਤੋੜਨ ਲਈ ਸਿਨੇਮਾ ਜਗਤ ਨਾਲ ਜੁੜੇ ਹਰ ਵਿਅਕਤੀ ਦਾ ਇੱਕਜੁਟ ਹੋਣਾ ਸਮੇਂ ਦੀ ਲੋੜ ਹੈ। ਇਹ ਗੱਲਾਂ ਨਾਰਥ ਜ਼ੋਨ ਫ਼ਿਲਮ ਤੇ ਟੀਵੀ ਆਰਟਿਸਟਸ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਦਾਕਾਰ ਸ਼ਿਵੰਦਰ ਮਾਹਲ, ਗਾਇਕ, ਅਦਾਕਾਰ ਤੇ ਪ੍ਰੋਡਿਊਸਰ ਕਰਮਜੀਤ ਅਨਮੋਲ ਅਤੇ ਸਰਦਾਰ ਸੋਹੀ ਨੇ ਸੰਸਥਾ ਦੇ ਦਫ਼ਤਰ ਵਿੱਚ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਹੀਆਂ।
ਉਨ੍ਹਾਂ ਕਿਹਾ ਕਿ ਪੰਜਾਬੀ ਸਿਨੇਮਾ ਵਿੱਚ ਆਈ ਖੜੋਤ ਤੋੜਨ ਲਈ ਤਿਆਰ ਕੀਤੀ ਗਈ ਪੰਜਾਬੀ ਫਿਲਮ ‘ਕੁੜੀਆਂ ਜਵਾਨ ਤੇ ਬਾਪੂ ਪ੍ਰੇਸ਼ਾਨ’ 16 ਅਪਰੈਲ ਨੂੰ ਰਿਲੀਜ਼ ਹੋਵੇਗੀ, ਜਿਸ ਦਾ ਨਜ਼ਫਟਾ ਭਰਵਾਂ ਸਵਾਗਤ ਕਰਦੀ ਹੈ। ਕਲਾਕਾਰਾਂ ਨੇ ਕਿਹਾ ਕਿ ਪੰਜਾਬੀ ਸਿਨੇਮਾ ਦੀ ਮੀਡੀਆ ਨਾਲ ਪੁਰਾਣੀ ਸਾਂਝ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਮੀਡੀਆ ਹਮੇਸ਼ਾ ਦੀ ਤਰ੍ਹਾਂ ਆਪਣੀ ਬਣਦੀ ਭੂਮਿਕਾ ਨਿਭਾਉਂਦਿਆਂ ਇਸ ਨਵੀਂ ਫ਼ਿਲਮ ਦੀ ਗੂੰਜ ਲੋਕਾਂ ਤੱਕ ਸਾਰਥਕ ਢੰਗ ਨਾਲ ਪਹੁੰਚਾਏਗਾ। ਕਲਾਕਾਰਾਂ ਨੇ ਕਿਹਾ ਕਿ ਭਾਵੇਂ ਲਗਪਗ ਇੱਕ ਸਾਲ ਪਹਿਲਾਂ ‘ਚੱਲ ਮੇਰਾ ਪੁੱਤ-2’ ਅਤੇ ‘ਇੱਕੋ-ਮਿੱਕੇ’ ਵਰਗੀਆਂ ਬਿਹਤਰੀਨ ਪੰਜਾਬੀ ਫਿਲਮਾਂ ਦਰਸ਼ਕਾਂ ਦੀਆਂ ਝੋਲੀ ਪਈਆਂ ਪਰ ਦੋ-ਤਿੰਨ ਦਿਨ ਬਾਅਦ ਹੀ ਲੌਕਡਾਊਨ ਲੱਗ ਜਾਣ ਕਾਰਨ ਕਾਫ਼ੀ ਨੁਕਸਾਨ ਹੋਇਆ। ਇਸ ਮੌਕੇ ਤਰਸੇਮ ਪੌਲ, ਮਲਕੀਤ ਰੌਣੀ, ਫ਼ਿਲਮੀ ਅਦਾਕਾਰਾ ਤਨਵੀ ਨਾਗੀ, ਮੋਹਿਤ ਬਨਵੈਤ, ਪਰਮਜੀਤ ਭੰਗੂ ਅਤੇ ਅਮਨ ਜੌਹਲ ਨੇ ਵੀ ਸੰਬੋਧਨ ਕੀਤਾ।