ਪੱਤਰ ਪ੍ਰੇਰਕ
ਰੂਪਨਗਰ, 4 ਜੁਲਾਈ
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂਆਂ ਨੇ ਅਧਿਆਪਕ ਵਰਗ ਨੂੰ ਅਪੀਲ ਕੀਤੀ ਹੈ ਕਿ ਜਦੋਂ ਕੋਈ ਮੰਤਰੀ ਜਾਂ ਵਿਧਾਇਕ ਸਕੂਲਾਂ ਵਿੱਚ ਅਚਨਚੇਤ ਜਾਂ ਰਸਮੀ ਵਿਜ਼ਟ ਕਰਦਾ ਹੈ ਤਾਂ ਉਹਨਾਂ ਤੋਂ ਡਰਨ ਦੀ ਬਜਾਏ ਸਕੂਲਾਂ ਦੇ ਬੁਨਿਆਦੀ ਢਾਂਚੇ ਦੀਆਂ ਕਮੀਆਂ ਨੂੰ ਨਿਡਰ ਹੋ ਕੇ ਉਹਨਾਂ ਸਾਹਮਣੇ ਪੇਸ਼ ਕੀਤਾ ਜਾਵੇ। ਬੀਤੇ ਦਿਨੀਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਜੂਨ ਦੀਆਂ ਛੁੱਟੀਆਂ ਖਤਮ ਹੋਣ ਦੇ ਪਹਿਲੇ ਦਿਨ ਸਕੂਲਾਂ ਦਾ ਅਚਨਚੇਤ ਦੌਰਾ ਕੀਤਾ ਗਿਆ ਤੇ ਉੱਥੇ ਦੀਆਂ ਕਮੀਆਂ ਨੂੰ ਜਾਨਣ ਦੀ ਕੋਸ਼ਿਸ਼ ਇੱਕ ਚੰਗੀ ਪਹਿਲ ਹੈ, ਅਸੀਂ ਮੰਤਰੀ ਜੀ ਨੂੰ ਅਪੀਲ ਕਰਦੇ ਹਾਂ ਕਿ ਸਕੂਲਾਂ ਦੇ ਬੁਨਿਆਦੀ ਢਾਂਚੇ ਦੀਆਂ ਕਮੀਆਂ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇੇ। ਪੰਜਾਬ ਦੇ ਸਕੂਲਾਂ ਵਿੱਚ ਸਫਾਈ ਸੇਵਕਾਂ ਤੇ ਦਰਜਾ ਚਾਰ ਦੀਆਂ ਪੋਸਟਾਂ ਘੱਟ ਹੋਣ ਕਰਕੇ ਸਫਾਈ ਦੇ ਮਾੜੇ ਪ੍ਰਬੰਧ ਲਈ ਸਕੂਲਾਂ ਦੇ ਮੁਖੀਆਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਯੂਨੀਅਨ ਦੇ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੇ ਕਿਹਾ ਹੈ ਕਿ ਅਗਰ ਮੰਤਰੀਆਂ ਤੇ ਵਿਧਾਇਕਾਂ ਨੂੰ ਸਕੂਲ ਵਿਜ਼ਟ ਸਮੇਂ ਮਿੱਡ ਡੇਅ ਮੀਲ ਵਿੱਚ ਟਮਾਟਰ, ਅਦਰਕ ਤੇ ਲਸਣ ਦੀ ਪੂਰੀ ਮਾਤਰਾ ਚਾਹੀਦੀ ਹੈ ਤਾਂ ਮਹਿੰਗਾਈ ਦੇ ਚੱਲਦੇ ਕੁਕਿੰਗ ਕੌਸਟ ਵਿੱਚ ਵੀ ਵਾਧਾ ਕਰਨਾ ਚਾਹੀਦਾ ਹੈ।