ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 18 ਸਤੰਬਰ
ਸ਼੍ਰੋਮਣੀ ਕਮੇਟੀ ਦੀ ਜਾਂਚ ਟੀਮ ਵੱਲੋਂ ਫ਼ਰੀਦਕੋਟ ਦੀ ਜਰਮਨ ਕਾਲੋਨੀ ਦੇ ਇੱਕ ਗੁਰਦੁਆਰੇ ਵਿੱਚ ਝਗੜੇ ਦੀ ਵਾਪਰੀ ਘਟਨਾ ਦੀ ਜਾਂਚ ਭਲਕੇ 19 ਸਤੰਬਰ ਨੂੰ ਕੀਤੀ ਜਾਵੇਗੀ ਅਤੇ ਉਸੇ ਦਿਨ ਸ਼ਾਮ ਨੂੰ ਜਾਂਚ ਰਿਪੋਰਟ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸੌਂਪ ਦਿੱਤੀ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਪਰਮਜੀਤ ਸਿੰਘ ਸਰੋਆ ਨੇ ਦੱਸਿਆ ਕਿ ਜਾਂਚ ਟੀਮ ਵਿੱਚ ਹੈੱਡ ਪ੍ਰਚਾਰਕ ਸਰਬਜੀਤ ਸਿੰਘ ਢੋਟੀਆਂ, ਗੁਰਦੁਆਰਾ ਢਿੱਲਵਾਂ ਦੇ ਮੈਨੇਜਰ ਹਰਪ੍ਰੀਤ ਸਿੰਘ, ਦੋ ਸਥਾਨਕ ਪ੍ਰਚਾਰਕ ਅਤੇ ਹਲਕਾ ਮੈਂਬਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਟੀਮ ਨੇ ਅੱਜ ਹੀ ਉਕਤ ਗੁਰਦੁਆਰਾ ਸਾਹਿਬ ਪੁੱਜਣਾ ਸੀ ਪਰ ਕੁਝ ਰੁਝੇਵਿਆਂ ਕਾਰਨ ਇਹ ਟੀਮ ਭਲਕੇ ਜਾਂਚ ਲਈ ਪੁੱਜੇਗੀ। ਉਨ੍ਹਾਂ ਦੱਸਿਆ ਕਿ ਜਾਂਚ ਟੀਮ ਨੂੰ ਜਾਂਚ ਰਿਪੋਰਟ ਤੁਰੰਤ ਦੇਣ ਵਾਸਤੇ ਆਖਿਆ ਹੈ, ਜਿਸ ਲਈ ਟੀਮ ਵੱਲੋਂ ਸੋਮਵਾਰ ਸ਼ਾਮ ਤਕ ਜਾਂਚ ਰਿਪੋਰਟ ਐਡਵੋਕੇਟ ਧਾਮੀ ਨੂੰ ਸੌਂਪ ਦਿੱਤੀ ਜਾਵੇਗੀ।