ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਅਕਤੂਬਰ
ਪੰਜਾਬ ਸਰਕਾਰ ਨੇ ਚਾਲੂ ਸੀਜ਼ਨ ਦੌਰਾਨ ਝੋਨੇ ਦੀ ਖਰੀਦ ਵਿੱਚ ਅੜਿੱਕਾ ਦੂਰ ਕਰਨ ਲਈ ਫਸਲ ਦੇ ਔਸਤ ਝਾੜ ਦੇ ਅਨੁਮਾਨ ਵਿੱਚ ਵਾਧਾ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਝੋਨੇ ਦੀ ਬੋਗਸ ਖਰੀਦ ਰੋਕਣ ਲਈ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਖੇਤੀ ਵਿਭਾਗ ਵੱਲੋਂ ਕਿਸਾਨਾਂ ਕੋਲੋਂ ਝੋਨੇ ਦੇ ਔਸਤ ਝਾੜ ਦੇ ਅਨੁਮਾਨ ਨਾਲੋਂ ਵੱਧ ਫਸਲ ਦੀ ਖਰੀਦ ਨਾ ਕੀਤੀ ਜਾਵੇ। ਖੇਤੀ ਵਿਭਾਗ ਨੇ ਇਸ ’ਤੇ ਗੌਰ ਕਰਦਿਆਂ ਪਹਿਲਾਂ ਕਰੀਬ 26 ਕੁਇੰਟਲ ਪ੍ਰਤੀ ਏਕੜ ਔਸਤ ਝਾੜ ਦਾ ਅਨੁਮਾਨ ਲਗਾਇਆ ਸੀ, ਜਿਸ ਕਰ ਕੇ ਕਿਸਾਨ ਭੜਕ ਉੱਠੇ ਸਨ।
ਹੁਣ ਤੱਕ ਪੰਜਾਬ ਦੇ ਖਰੀਦ ਕੇਂਦਰਾਂ ਵਿੱਚ ਫਸਲ ਦੀ ਜੋ ਆਮਦ ਹੋਈ ਹੈ, ਉਸ ਨਾਲ ਜਾਪਦਾ ਹੈ ਕਿ ਝੋਨੇ ਦਾ ਝਾੜ ਚੰਗਾ ਨਿਕਲੇਗਾ ਅਤੇ ਪੰਜਾਬ ਵਿੱਚ ਝੋਨੇ ਦੀ ਬੰਪਰ ਫਸਲ ਹੋਣ ਦੀ ਸੰਭਾਵਨਾ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਨੇ ਪੁਰਾਣੇ ਫੈਸਲੇ ਵਿੱਚ ਸੋਧ ਕਰਦਿਆਂ ਹੁਣ ਝੋਨੇ ਦੀ ਫਸਲ ਦੇ ਵੱਧ ਤੋਂ ਵੱਧ ਝਾੜ ਦਾ ਅਨੁਮਾਨ ਪੰਜਾਬ ਮੰਡੀ ਬੋਰਡ ਨੂੰ ਭੇਜ ਦਿੱਤਾ ਹੈ। ਖੇਤੀ ਵਿਭਾਗ ਵੱਲੋਂ ਸਮੁੱਚੇ ਸੂਬੇ ਦਾ ਵੱਧ ਤੋਂ ਵੱਧ ਅਨੁਮਾਨਿਤ ਝਾੜ 36.14 ਕੁਇੰਟਲ ਪ੍ਰਤੀ ਏਕੜ ਕੱਢਿਆ ਗਿਆ ਹੈ। ਝੋਨੇ ਦੇ ਅਨੁਮਾਨਿਤ ਝਾੜ ਦੀ ਜ਼ਿਲ੍ਹਾਵਾਰ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਮੰਡੀ ਬੋਰਡ ਨੇ ਇਸ ਦਾ ਆਨਲਾਈਨ ਖਰੀਦ ਪੋਰਟਲ ਵਿੱਚ ਇੰਦਰਾਜ ਕਰ ਦਿੱਤਾ ਹੈ।
ਬੀਕੇਯੂ (ਉਗਰਾਹਾਂ) ਦੇ ਆਗੂਆਂ ਨੇ ਪਹਿਲਾਂ ਇਤਰਾਜ਼ ਕੀਤਾ ਸੀ ਕਿ ਗਿਰਦਾਵਰੀ ਦੇ ਆਧਾਰ ’ਤੇ ਅਨੁਮਾਨਿਤ ਝਾੜ ਤੈਅ ਕੀਤਾ ਜਾਣਾ ਕਿਸਾਨ ਵਿਰੋਧੀ ਫੈਸਲਾ ਹੈ। ਉਨ੍ਹਾਂ ਦੀ ਦਲੀਲ ਸੀ ਕਿ ਫਸਲਾਂ ਦਾ ਝਾੜ ਅਗੇਤੀ-ਪਿਛੇਤੀ ਕਿਸਮ ਹੋਣ ਕਰ ਕੇ ਸਭ ਖੇਤਾਂ ਦਾ ਇੱਕੋ ਜਿਹਾ ਨਹੀਂ ਹੁੰਦਾ ਹੈ। ਸਰਕਾਰ ਵੱਲੋਂ ਅਨੁਮਾਨਿਤ 26 ਕੁਇੰਟਲ ਪ੍ਰਤੀ ਏਕੜ ਝਾੜ ਮਿੱਥੇ ਜਾਣ ਕਰ ਕੇ ਉਨ੍ਹਾਂ ਕਿਸਾਨਾਂ ਦੀ ਫਸਲ ਰੁਲੇਗੀ, ਜਿਨ੍ਹਾਂ ਦਾ ਝਾੜ ਵੱਧ ਨਿਕਲੇਗਾ।
ਭਲਕੇ ਇਸ ਕਿਸਾਨ ਧਿਰ ਨਾਲ ਮੁੱਖ ਮੰਤਰੀ ਨੇ ਮੀਟਿੰਗ ਕਰਨੀ ਹੈ ਪ੍ਰੰਤੂ ਉਸ ਤੋਂ ਪਹਿਲਾਂ ਹੀ ਅੱਜ ਸਰਕਾਰ ਨੇ ਆਪਣੇ ਫੈਸਲੇ ਵਿੱਚ ਸੋਧ ਕਰ ਲਈ ਹੈ। ਚੇਤੇ ਰਹੇ ਕਿ ਪਿਛਲੇ ਵਰ੍ਹਿਆਂ ਵਿੱਚ ਸੂਬੇ ਵਿੱਚ ਹੋਈ ਝੋਨੇ ਦੀ ਕੁੱਲ ਪੈਦਾਵਾਰ ਨਾਲੋਂ ਜ਼ਿਆਦਾ ਝੋਨਾ ਮੰਡੀਆਂ ਵਿੱਚ ਵਿਕਿਆ ਸੀ। ਸ਼ੱਕ ਜ਼ਾਹਿਰ ਕੀਤਾ ਗਿਆ ਸੀ ਕਿ ਮਿਲੀਭੁਗਤ ਨਾਲ ਦੂਸਰੇ ਸੂਬਿਆਂ ’ਚੋਂ ਸਸਤਾ ਝੋਨਾ ਲਿਆ ਕੇ ਪੰਜਾਬ ਵਿੱਚ ਵੇਚਿਆ ਗਿਆ। ਸਰਕਾਰ ਨੇ ਬੋਗਸ ਖਰੀਦ ਰੋਕਣ ਵਾਸਤੇ ਹੀ ਪ੍ਰਤੀ ਏਕੜ ਅਨੁਮਾਨਿਤ ਝਾੜ ਮਿੱਥਿਆ ਹੈ।
ਫ਼ਸਲ ਦਾ ਦਾਣਾ-ਦਾਣਾ ਖਰੀਦਾਂਗੇ: ਭਗਵੰਤ ਮਾਨ
ਕਿਸਾਨ ਆਗੂਆਂ ਨਾਲ ਮੀਟਿੰਗ ਦੌਰਾਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਪੰਜਾਬ ਸਰਕਾਰ ਫਸਲ ਦਾ ਦਾਣਾ-ਦਾਣਾ ਖਰੀਦੇਗੀ ਅਤੇ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਅੱਜ ਕਿਸਾਨ ਆਗੂਆਂ ਨੇ ਮੀਟਿੰਗ ਵਿੱਚ ਕਿਹਾ ਸੀ ਕਿ ਫਸਲ ਦੇ ਝਾੜ ਦੀ ਕੋਈ ਸੀਮਾ ਨਾ ਤੈਅ ਕੀਤੀ ਜਾਵੇ ਕਿਉਂਕਿ ਇਸ ਨਾਲ ਵੱਧ ਝਾੜ ਲੈਣ ਵਾਲੇ ਕਿਸਾਨਾਂ ਨੂੰ ਸਿੱਧੀ ਮਾਰ ਪਵੇਗੀ।