ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਸਤੰਬਰ
ਪੰਜਾਬ ਸਰਕਾਰ ਨੂੰ ਇਸ ਸਾਲ ਅਗਸਤ ਮਹੀਨੇ ਦੌਰਾਨ ਵੱਖ-ਵੱਖ ਵਸੂਲੀਆਂ ਦੇ ਆਧਾਰ ’ਤੇ 1188.70 ਕਰੋੜ ਰੁਪਏ ਦਾ ਜੀਐੱਸਟੀ ਮਾਲੀਆ ਇਕੱਤਰ ਹੋਇਆ ਹੈ, ਜਦਕਿ ਪਿਛਲੇ ਸਾਲ ਇਸੇ ਮਹੀਨੇ ਇਹ ਮਾਲੀਆ 987.20 ਕਰੋੜ ਰੁਪਏ ਸੀ। ਇਸ ਹਿਸਾਬ ਨਾਲ ਜੀਐੱਸਟੀ ਮਾਲੀਏ ਵਿੱਚ ਪਿਛਲੇ ਸਾਲ ਨਾਲੋਂ 20.41 ਫੀਸਦ ਦਾ ਵਾਧਾ ਹੋਇਆ ਹੈ। ਇਹ ਵਾਧਾ ਕੋਵਿਡ-19 ਦੀ ਦੂਜੀ ਲਹਿਰ ਤੋਂ ਬਾਅਦ ਅਰਥਚਾਰੇ ਵਿੱਚ ਤੇਜ਼ੀ ਨਾਲ ਹੋਏ ਸੁਧਾਰ ਦਾ ਪ੍ਰਤੱਖ ਸੂਚਕ ਹੈ।
ਕਰ ਕਮਿਸ਼ਨਰ ਦੇ ਬੁਲਾਰੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸੂਬੇ ਕੋਲ ਇਕੱਤਰ ਹੁੰਦੇ ਮਾਲੀਏ ਦਾ ਵੱਖ-ਵੱਖ ਖੇਤਰਾਂ ਦੇ ਹਿਸਾਬ ਨਾਲ ਜੇ ਅਧਿਐਨ ਕੀਤਾ ਜਾਵੇ ਤਾਂ ਲੋਹਾ ਤੇ ਸਟੀਲ, ਇਲੈਕਟ੍ਰਾਨਿਕ ਵਸਤਾਂ, ਖਾਦਾਂ, ਟੈਲੀਕੌਮ ਤੇ ਬੈਂਕਿੰਗ ਜਿਹੇ ਖੇਤਰਾਂ ਵਿੱਚ ਆਰਥਿਕ ਸੁਧਾਰ ਦੀ ਰਫ਼ਤਾਰ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਪੱਕੇ ਆਈਜੀਐੱਸਟੀ ਬੰਦੋਬਸਤ ਤੋਂ ਇਲਾਵਾ ਪੰਜਾਬ ਨੂੰ ਵਿੱਤੀ ਵਰ੍ਹੇ 2021-22 ਦੀ ਪਹਿਲੀ ਤਿਮਾਹੀ ਲਈ ਅਗਸਤ-2021 ਵਿੱਚ 448.35 ਕਰੋੜ ਰੁਪਏ ਆਰਜ਼ੀ ਬੰਦੋਬਸਤ ਵਜੋਂ ਮਿਲੇ ਹਨ। ਇਸੇ ਦੇ ਨਤੀਜੇ ਵਜੋਂ ਅਗਸਤ ਮਹੀਨੇ ਦੇ ਜੀਐੱਸਟੀ ਵਿੱਚ ਵਾਧਾ ਪਿਛਲੇ ਸਾਲ ਇਸੇ ਮਹੀਨੇ ਵਿੱਚ ਇਕੱਤਰ ਹੋਏ ਮਾਲੀਏ ਦੇ ਮੁਕਾਬਲੇ ਲਗਪਗ 80 ਫੀਸਦ ਹੈ। ਅਗਸਤ 2021 ਦੌਰਾਨ ਵੈਟ ਤੇ ਸੀਐੱਸਟੀ ਮਾਲੀਆ ਕ੍ਰਮਵਾਰ 648.44 ਕਰੋੜ ਤੇ 26.97 ਕਰੋੜ ਰੁਪਏ ਇਕੱਠਾ ਹੋਇਆ। ਪਿਛਲੇ ਸਾਲ ਦੇ ਮੁਕਾਬਲੇ ਇਹ ਕ੍ਰਮਵਾਰ 24 ਫੀਸਦ ਤੇ 40 ਫੀਸਦ ਵੱਧ ਹੈ, ਜੋ ਅਰਥਚਾਰੇ ਦੀ ਬਹਾਲੀ ਦਾ ਪ੍ਰਗਟਾਵਾ ਕਰਦਾ ਹੈ। ਇਸੇ ਤਰ੍ਹਾਂ ਅਗਸਤ 2021 ਵਿੱਚ ਇਕੱਤਰ ਹੋਇਆ ਪੰਜਾਬ ਰਾਜ ਵਿਕਾਸ ਟੈਕਸ 11.38 ਕਰੋੜ ਰੁਪਏ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 9.63 ਫੀਸਦ ਵੱਧ ਹੈ।