ਪੁਨੀਤ ਸ਼ਰਮਾ
ਧਨੌਲਾ, 28 ਅਗਸਤ
ਨਗਰ ਕੌਂਸਲ ਧਨੌਲਾ ਵੱਲੋਂ ਗਲੀ ਨਾ ਬਣਾਏ ਜਾਣ ਤੋਂ ਦੁਖੀ ਸਥਾਨਕ ਢਿੱਲੋਂ ਅਗਵਾੜ ਦੀ ਰਹਿਣ ਵਾਲੀ ਇਕ ਲੜਕੀ ਨੇ ਰੋਸ ਜਤਾਉਂਦਿਆਂ ਜ਼ਹਿਰਹੀਲੀ ਵਸਤੂ ਨਿਗਲ ਲਈ ਜਦਕਿ ਉਸ ਦੇ ਭਰਾ ਨੇ ਆਪਣੇ ਆਪ ’ਤੇ ਤੇਲ ਪਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜ਼ਹਿਰੀਲੀ ਵਸਤੂ ਨਿਗਲਣ ਤੋਂ ਪਹਿਲਾਂ ਬਣਾਈ ਇੱਕ ਵੀਡੀਓ ’ਚ ਬਲਜਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਰਿਹਾਇਸ਼ੀ ਖੇਤਰ ਢਿੱਲੋਂ ਅਗਵਾੜ ਦੀ ਖੂਹ ਵਾਲੀ ਗਲੀ ਬਣਾਉਣ ਸਬੰਧੀ ਐਸਟੀਮੇਟ ਅਤੇ ਟੈਂਡਰ ਬੀਤੇ ਸਮੇਂ ਪਾਸ ਹੋ ਚੁੱਕਿਆ ਹੈ ਪਰ ਨਗਰ ਕੌਂਸਲ ਵੱਲੋਂ ਗਲੀ ਨੂੰ ਪੂਰਾ ਬਣਵਾਉਣ ਦੀ ਥਾਂ ਉਨ੍ਹਾਂ ਦੇ ਘਰ ਅੱਗੋਂ ਹਿੱਸਾ ਛੱਡਿਆ ਜਾ ਰਿਹਾ ਹੈ। ਸੁਦਾਗਰ ਸਿੰਘ ਅਤੇ ਅਮਰਜੀਤ ਕੌਰ ਸਾਬਕਾ ਕੌਂਸਲਰ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਨਾਲ ਸਬੰਧਤ ਵਾਰਡ ਕੌਂਸਲਰ ਅਤੇ ਪ੍ਰਧਾਨ ਗਲੀ ਪਾਸ ਹੋਣ ਦੇ ਬਾਵਜੂਦ ਉਨ੍ਹਾਂ ਦੇ ਘਰ ਅੱਗੋਂ ਪੱਕੀ ਗਲੀ ਨਹੀਂ ਬਣਾ ਰਹੇ ਜਿਸ ਕਾਰਨ ਅੱਜ ਬਲਜਿੰਦਰ ਕੌਰ ਨੇ ਜ਼ਹਿਰੀਲੀ ਵਸਤੂ ਨਿਗਲ ਲਈ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਰੈੱਫ਼ਰ ਕੀਤਾ ਗਿਆ ਅਤੇ ਉਸ ਦੇ ਭਰਾ ਬਿੱਲੂ ਸਿੰਘ ਨੇ ਤੇਲ ਪਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰਿਵਾਰ ਨੇ ਦੱਸਿਆ ਕਿ ਮਾਮਲਾ ਹਲਕਾ ਵਿਧਾਇਕ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ ਅਤੇ ਮਾਮਲੇ ਸਬੰਧੀ ਕੋਰਟ ਕੇਸ ਵੀ ਕੀਤਾ ਗਿਆ ਹੈ, ਜਿਸ ਦਾ ਫੈਸਲਾ ਹੋਣਾ ਬਾਕੀ ਹੈ ਪਰ ਨਗਰ ਕੌਂਸਲ ਧਨੌਲਾ ਵੱਲੋਂ ਛੁੱਟੀ ਵਾਲੇ ਦਿਨ ਕੰਮ ਮੁੜ ਵਿਚਕਾਰੋਂ ਸ਼ੁਰੂ ਕਰਵਾਇਆ ਗਿਆ ਹੈ। ਨਗਰ ਕੌਂਸਲ ਦੇ ਕੰਮਾਂ ਸਬੰਧੀ ਦੇਖਰੇਖ ਕਰਦੇ ਕੌਂਸਲ ਪ੍ਰਧਾਨ ਰਣਜੀਤ ਕੌਰ ਸੋਢੀ ਦੇ ਪੁੱਤਰ ਹਰਦੀਪ ਸੋਢੀ ਨੇ ਕਿਹਾ ਕਿ ਗਲੀ ਕੰਮ ਸਹੀ ਢੰਗ ਨਾਲ ਕਰਵਾਇਆ ਜਾ ਰਿਹਾ ਹੈ ਤੇ ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾ ਰਿਹਾ। ਇਸ ਸਬੰਧੀ ਕਾਰਜ ਸਾਧਕ ਅਫਸਰ ਸੁਨੀਲ ਦੱਤ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾ ਕਿਹਾ ਕਿ ਉਨ੍ਹਾਂ ਨੇ ਹਾਲ ਹੀ ’ਚ ਕਾਰਜਭਾਰ ਸੰਭਾਲਿਆ ਹੈ ਜਿਸ ਕਾਰਨ ਉਨ੍ਹਾਂ ਨੂੰ ਇਸ ਮਾਮਲੇ ਸਬੰਧੀ ਕੋਈ ਜਾਣਕਾਰੀ ਨਹੀਂ।