ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 7 ਮਾਰਚ
ਯੂਕਰੇਨ ਵਿੱਚ ਡਾਕਟਰੀ ਦੀ ਪੜ੍ਹਾਈ ਕਰਨ ਗਏ ਸ਼ਾਹਕੋਟ ਦੇ ਕੁੰਵਰ ਸੱਗੂ ਦੀ ਘਰ ਵਾਪਸੀ ਨਾਲ ਪਰਿਵਾਰ ਖੁਸ਼ ਹੈ ਤੇ ਦਾਦੀ ਸੰਤੋਖ ਰਾਣੀ ਨੇ ਉਸ ਦੀ ਘਰ ਵਾਪਸੀ ਦੀ ਖੁਸ਼ੀ ’ਚ ਲੱਡੂ ਵੰਡੇ ਹਨ। ਸ਼ਾਹਕੋਟ ਦੇ ਡਾ. ਨਰੇਸ਼ ਸੱਗੂ ਦਾ ਪੁੱਤਰ ਕੁੰਵਰ ਸੱਗੂ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਖਾਰਕੀਵ ਵਿੱਚ ਐੱਮਬੀਬੀਐੱਸ ਦੇ ਚੌਥੇ ਸਮੈਸਟਰ ਦੀ ਪੜ੍ਹਾਈ ਕਰ ਰਿਹਾ ਸੀ।
ਕੁੰਵਰ ਸੱਗੂ ਨੇ ਦੱਸਿਆ ਕਿ ਰੂਸ ਵੱਲੋਂ ਹਮਲਾ ਕਰਨ ’ਤੇ ਉਨ੍ਹਾਂ ਸਮੇਤ ਕਈ ਭਾਰਤੀਆਂ ਨੇ ਖਾਰਕੀਵ ਦੇ ਅੰਡਰ ਗਰਾਊਂਡ ਰੇਲਵੇ ਸਟੇਸ਼ਨ ਵਿੱਚ ਪਨਾਹ ਲਈ। ਸ਼ਹਿਰ ਵਿੱਚ ਲਗਾਤਾਰ ਹੋ ਰਹੀ ਬੰਬਾਰੀ ਕਾਰਨ ਹਰ ਵੇਲੇ ਉਨ੍ਹਾਂ ਦੀ ਜਾਨ ਮੁੱਠੀ ਵਿੱਚ ਆਈ ਰਹਿੰਦੀ।
ਉਸ ਨੇ ਦੱਸਿਆ ਕਿ ਉੱਥੇ ਉਨ੍ਹਾਂ ਨੂੰ ਕਈ ਦਿਨ ਬਿਨਾਂ ਪਾਣੀ ਅਤੇ ਖਾਣੇ ਤੋਂ ਗੁਜ਼ਾਰਨੇ ਪਏ। ਇਸ ਮਗਰੋਂ ਹਾਲਾਤ ਬਦਤਰ ਹੋਣ ’ਤੇ ਪਹਿਲੀ ਮਾਰਚ ਨੂੰ ਉਹ 10 ਹੋਰ ਵਿਦਿਆਰਥੀਆਂ ਨਾਲ ਰੇਲ ਗੱਡੀ ਰਾਹੀਂ ਲਵੀਵ ਪਹੁੰਚਿਆ। ਉੱਥੋਂ 12 ਕਿਲੋਮੀਟਰ ਦਾ ਸਫ਼ਰ ਪੈਦਲ ਤੈਅ ਕਰਕੇ ਉਹ ਪੋਲੈਂਡ ਦੀ ਸਰਹੱਦ ’ਤੇ ਪੁੱਜੇ। ਪੋਲੈਂਡ ਵਿੱਚ ਕਾਗ਼ਜ਼ੀ ਕਾਰਵਾਈ ਪੂੁਰੀ ਕਰਨ ਮਗਰੋਂ ਭਾਰਤੀ ਸਰਕਾਰ ਨੇ ਆਪਣੇ ਖਰਚੇ ’ਤੇ ਉਨ੍ਹਾਂ ਨੂੰ ਭਾਰਤ ਪਹੁੰਚਾਇਆ। ਡਾ. ਨਰੇਸ਼ ਸੱਗੂ ਅਤੇ ਪੂਨਮ ਸੱਗੂ ਨੇ ਕਿਹਾ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਆਪਣੇ ਪੁੱਤ ਦੀ ਸੁਰੱਖਿਅਤ ਘਰ ਵਾਪਸੀ ਦਾ ਫਿਕਰ ਸੀ ਤੇ ਹੁਣ ਉਸ ਦੇ ਭਵਿੱਖ ਦੀ ਚਿੰਤਾ ਸਤਾ ਰਹੀ ਹੈ। ਇਸ ਮੌਕੇ ਦਾਦਾ ਰਾਜਪਾਲ ਸੱਗੂ, ਚਾਚਾ ਭੁਪਿੰਦਰ ਸੱਗੂ, ਚਾਚੀ ਰਜਨੀ ਸੱਗੂ ਅਤੇ ਭਰਾ ਦਿਸ਼ਾਂਤ ਸੱਗੂ ਹਾਜ਼ਰ ਸਨ।