ਪੱਤਰ ਪ੍ਰੇਰਕ
ਰੂਪਨਗਰ, 25 ਜੂਨ
ਅੱਜ ਸੋਸ਼ਲ ਮੀਡੀਆ ’ਤੇ ਰੂਪਨਗਰ ਸ਼ਹਿਰ ਦੀ ਕੈਨਾਲ ਵਿਊ ਕਾਲੋਨੀ ਨੇੜਿਉਂ ਤੇਂਦੂਏ ਦੇ ਲੰਘ ਰਹੇ ਬੱਚੇ ਦੀ ਸੀਸੀਟੀਵੀ ਫੁਟੇਜ ਵਾਇਰਲ ਹੋਣ ਮਗਰੋਂ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਤਕਰੀਬਨ 12 ਸੈਕਿੰਡ ਦੀ ਸੀਸੀਟੀਵੀ ਫੁਟੇਜ ਵਿੱਚ ਤੇਂਦੂਏ ਦਾ ਬੱਚਾ ਬੀਐੱਸਐੱਨਐੱਲ ਦਫ਼ਤਰ ਤੋਂ ਏਡੀਸੀ ਦੀ ਰਿਹਾਇਸ਼ ਵੱਲ ਜਾਂਦੀ ਸੜਕ ’ਤੇ ਪੈਂਦੀ ਕੈਨਾਲ ਵਿਊ ਕਾਲੋਨੀ ਦੇ ਫਲੈਟ ਨੰਬਰ 54 ਨੇੜਿਉਂ ਲੰਘਦਾ ਦਿਖਾਈ ਦੇ ਰਿਹਾ ਹੈ। ਇਸ ਸਬੰਧੀ ਜੰਗਲੀ ਜੀਵ ਸੁਰੱਖਿਆ ਵਿਭਾਗ ਰੂਪਨਗਰ ਦੇ ਡੀਐੱਫਓ ਕੁਲਰਾਜ ਨੇ ਸੰਪਰਕ ਕਰਨ ’ਤੇ ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦੇ ਰਹੇ ਜਾਨਵਰ ਦੇ ਤੇਂਦੂਏ ਦਾ ਬੱਚਾ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਤੇਂਦੂਏ ਦਾ ਬੱਚਾ ਨਹੀਂ ਹੋ ਸਕਦਾ ਕਿਉਂਕਿ ਇੰਨੀ ਕੁ ਉਮਰ ਦੇ ਬੱਚੇ ਆਪਣੀ ਮਾਂ ਤੋਂ ਅਲੱਗ ਹੋ ਕੇ ਨਹੀਂ ਘੁੰਮਦੇ। ਉਨ੍ਹਾਂ ਕਿਹਾ ਕਿ ਇਹ ਵੱਡੇ ਆਕਾਰ ਦੀ ਕੋਈ ਜੰਗਲੀ ਬਿੱਲੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਰੇਂਜ ਅਫ਼ਸਰ ਮੋਹਣ ਸਿੰਘ ਦੀ ਅਗਵਾਈ ਹੇਠ ਟੀਮ ਸ਼ੱਕੀ ਜਾਨਵਰ ਦੀ ਭਾਲ ਕਰ ਰਹੀ ਹੈ ਅਤੇ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ।