ਕੇਪੀ ਸਿੰਘ
ਗੁਰਦਾਸਪੁਰ, 1 ਜੁਲਾਈ
ਫ਼ੌਜ ਦੀ ਗਰਿਫ਼ ਯੂਨਿਟ ਵਿੱਚ ਤਾਇਨਾਤ ਇਕ ਸਿਪਾਹੀ ਦੀ ਬੀਤੀ ਦੇਰ ਰਾਤ ਇੱਥੇ ਚੋਰ ਸਮਝ ਕੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਦੀਪਕ ਸਿੰਘ (38) ਦੇ ਪਿਤਾ ਓਂਕਾਰ ਸਿੰਘ ਵਾਸੀ ਪਿੰਡ ਲਾਹੜੀ ਸਰਮੋ ਨੇ ਦੱਸਿਆ ਕਿ ਉਸ ਦਾ ਪੁੱਤਰ ਉਤਰਾਖੰਡ ਤੋਂ ਛੁੱਟੀ ਕੱਟਣ ਲਈ 30 ਜੂਨ ਨੂੰ ਘਰ ਆ ਰਿਹਾ ਸੀ। ਬੀਤੀ ਰਾਤ ਕਰੀਬ ਸਾਢੇ ਅੱਠ ਵਜੇ ਦੀਪਕ ਨੇ ਫੋਨ ’ਤੇ ਦੱਸਿਆ ਸੀ ਕਿ ਉਹ ਅੰਮ੍ਰਿਤਸਰ ਤੋਂ ਬੱਸ ਰਾਹੀਂ ਪਿੰਡ ਵੱਲ ਚੱਲ ਪਿਆ ਹੈ। ਜਦੋਂ ਉਨ੍ਹਾਂ ਰਾਤ 12.30 ਵਜੇ ਫੋਨ ਕੀਤਾ ਤਾਂ ਦੀਪਕ ਨੇ ਦੱਸਿਆ ਕਿ ਉਹ ਕਿਸੇ ਗੁਰਦੁਆਰੇ ਨੇੜੇ ਹੈ ਅਤੇ ਕੁਝ ਲੋਕ ਉਸ ਨੂੰ ਚੋਰ ਸਮਝ ਰਹੇ ਹਨ। ਇਸ ਮਗਰੋਂ ਉਨ੍ਹਾਂ ਦਾ ਦੀਪਕ ਨਾਲ ਕੋਈ ਸੰਪਰਕ ਨਹੀਂ ਹੋਇਆ। ਓਂਕਾਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਪੁਲੀਸ ਦੇ ਕੁਝ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਦੀਪਕ ਦੀ ਮੌਤ ਹੋ ਗਈ ਹੈ। ਗੁਰਦਾਸਪੁਰ ਤਿੱਬੜੀ ਰੋਡ ’ਤੇ ਬਾਈਪਾਸ ਸਥਿਤ ਗੁਰਦੁਆਰੇ ਨੇੜਿਓਂ ਪੁੱਛ ਪੜਤਾਲ ਕਰਨ ਮਗਰੋਂ ਪਰਿਵਾਰ ਨੂੰ ਪਤਾ ਲੱਗਿਆ ਕਿ ਗੁਰਜੀਤ ਸਿੰਘ ਪੁੱਤਰ ਹਰਭਜਨ ਸਿੰਘ ਨਿਵਾਸੀ ਤਿੱਬੜੀ ਰੋਡ ਅਤੇ ਦਲਬੀਰ ਸਿੰਘ ਪੁੱਤਰ ਹਰਭਜਨ ਸਿੰਘ ਨਿਵਾਸੀ ਪਿੰਡ ਪਾਹੜਾ ਨੇ ਕੁਝ ਸਾਥੀਆਂ ਨਾਲ ਮਿਲ ਕੇ ਬੀਤੀ ਰਾਤ ਦੀਪਕ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ।
ਇਸ ਤੋਂ ਪਹਿਲਾਂ ਸਵੇਰੇ ਕਿਸੇ ਨੇ ਪੁਲੀਸ ਨੂੰ ਗੁਰਦੁਆਰੇ ਨੇੜੇ ਇੱਕ ਜ਼ਖ਼ਮੀ ਵਿਅਕਤੀ ਦੇ ਲਾਵਾਰਸ ਪਏ ਹੋਣ ਦੀ ਸੂਚਨਾ ਮਿਲਣ ਦਿੱਤੀ, ਜਦੋਂ ਪੁਲੀਸ ਜ਼ਖ਼ਮੀ ਨੂੰ ਹਸਪਤਾਲ ਲਿਜਾ ਰਹੀ ਸੀ ਤਾਂ ਰਸਤੇ ਵਿੱਚ ਹੀ ਉਹ ਦਮ ਤੋੜ ਗਿਆ। ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਗੁਰਜੀਤ ਸਿੰਘ ਅਤੇ ਦਲਬੀਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।