ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਜੁਲਾਈ
ਪਾਕਿਸਤਾਨ ਸਥਿਤ ਖੈਬਰ ਪਖਤੂਨਵਾ ਸੂਬੇ ਦੀ ਸਰਕਾਰ ਨੇ ਉੱਥੋਂ ਦੇ ਸਦੀਆਂ ਪੁਰਾਣੇ ਕਫੀਰ ਕੋਟ ਹਿੰਦੂ ਮੰਦਰ ਨੂੰ ਸੰਭਾਲਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧ ਵਿੱਚ ਪਿਸ਼ਾਵਰ ਦੇ ਪੁਰਾਤੱਤਵ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਅਤੇ ਪੁਰਾਣੀਆਂ ਇਮਾਰਤਾਂ ਦੀ ਸੰਭਾਲ ਸਬੰਧੀ ਮਾਹਿਰ ਡਾ. ਬਲਵਿੰਦਰ ਸਿੰਘ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਸ਼ਾਵਰ ਜਾਣ ਵਾਸਤੇ ਤਿਆਰੀ ਕਰ ਰਹੇ ਹਨ, ਉੱਥੇ ਜਾ ਕੇ ਮੰਦਿਰ ਦੀ ਮੌਜੂਦਾ ਸਥਿਤੀ ਨੂੰ ਦੇਖਣਗੇ ਅਤੇ ਉਸ ਮਗਰੋਂ ਹੀ ਸਾਂਭ ਸੰਭਾਲ ਤੇ ਕੰਮ ਬਾਰੇ ਯੋਜਨਾ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਠਵੀਂ ਸਦੀ ਨਾਲ ਸਬੰਧਤ ਇਹ ਹਿੰਦੂ ਸਾਈਂ ਮੰਦਰ, ਜਿਸ ਨੂੰ ਉੱਥੇ ਕਫੀਰ ਕੋਟ ਮੰਦਰ ਵੀ ਆਖਿਆ ਜਾਂਦਾ ਹੈ, ਖੈਬਰ ਪਖਤੂਨਵਾ ਦੇ ਜ਼ਿਲ੍ਹਾ ਡੇਰਾ ਇਸਮਾਈਲ ਖਾਨ ਵਿਖੇ ਸਥਿਤ ਹੈ। ਇਹ ਪੁਰਾਤਨ ਇਮਾਰਤ ਇਸ ਵੇੇਲੇ ਖਸਤਾ ਹਾਲਤ ਵਿੱਚ ਹੈ। ਉਨ੍ਹਾਂ ਦੱਸਿਆ ਕਿ ਇਹ ਚਟਾਨੀ ਇਲਾਕਾ ਹੈ। ਪਿਸ਼ਾਵਰ ਸਥਿਤ ਪੁਰਾਤੱਤਵ ਵਿਭਾਗ ਦੇ ਡਾਇਰੈਕਟਰ ਡਾ ਅਬਦੁਲ ਸਮਦ ਨੇ ਦੱਸਿਆ ਕਿ ਇਸ ਮੰਦਰ ਦੀ ਥ੍ਰੀਡੀ ਸਕੈਨਿੰਗ ਅਤੇ ਡਿਜੀਟਾਈਜੇਸ਼ਨ ਦੀ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਇਕ ਥ੍ਰੀ ਡੀ ਡਰਾਇੰਗ ਵੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਇਮਾਰਤ ਦੇ ਅਸਲੀ ਰੂਪ ਨੂੰ ਚਿਤਰਿਆ ਜਾ ਸਕੇ, ਜਿਸ ਦੇ ਮੁਤਾਬਕ ਇਸ ਦੀ ਮੁਰੰਮਤ ਤੇ ਸਾਂਭ ਸੰਭਾਲ ਦਾ ਕੰਮ ਕੀਤਾ ਜਾ ਸਕੇ। ਉਨ੍ਹਾਂ ਦਸਿਆ ਕਿ ਇਸ ’ਤੇ ਆਉਣ ਵਾਲਾ ਖਰਚਾ ਪਾਕਿਸਤਾਨ ਸਰਕਾਰ ਵੱਲੋਂ ਕੀਤਾ ਜਾਵੇਗਾ।