ਲਖਵਿੰਦਰ ਸਿੰਘ
ਮਲੋਟ, 27 ਅਗਸਤ
ਪੰਜਾਬੀ ਗਾਇਕ ਅਤੇ ਫਿਲਮ ਅਦਾਕਾਰ ਐਮੀ ਵਿਰਕ ਖ਼ਿਲਾਫ਼ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਬਾਰੇ ਬੀਕੇਯੂ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਮਲੋਟ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਸ ਦਾ ਵਿਰੋਧ ਸੰਯੁਕਤ ਕਿਸਾਨ ਮੋਰਚੇ ਦਾ ਪ੍ਰੋਗਰਾਮ ਨਹੀਂ ਹੈ। ਜੇਕਰ ਕੋਈ ਵਿਰੋਧ ਪ੍ਰਦਰਸ਼ਨ ਕਰਦਾ ਹੈ ਤਾਂ ਉਸ ਦੇ ਜ਼ਿੰਮੇਵਾਰ ਉਹ ਖੁਦ ਹਨ। ਉਨ੍ਹਾਂ ਕਿਹਾ ਕਿ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਐਮੀ ਵਿਰਕ ਨੇ ਮੁਆਫ਼ੀ ਵੀ ਮੰਗ ਲਈ ਹੈ ਅਤੇ ਜੇਕਰ ਉਸ ਨੇ ਮੁਆਫ਼ੀ ਮੰਗ ਲਈ ਹੈ ਤਾਂ ਮੁਆਫ਼ ਕਰ ਦੇਣਾ ਚਾਹੀਦਾ ਹੈ। ਸ੍ਰੀ ਡੱਲੇਵਾਲ ਨੇ ਕਿਹਾ ਕਿ ਗੀਤਕਾਰਾਂ ਤੇ ਗਾਇਕਾਂ ਦਾ ਕਿਸਾਨ ਅੰਦੋਲਨ ਵਿੱਚ ਵੱਡਾ ਸਹਿਯੋਗ ਰਿਹਾ ਹੈ।
ਇਸ ਤੋਂ ਪਹਿਲਾਂ ਸ਼ਹਿਰ ਦੀ ਦਾਣਾ ਮੰਡੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਇਕ ਵਿਸ਼ਾਲ ਕਾਨਫਰੰਸ ਕੀਤੀ ਗਈ, ਜਿਸ ਨੂੰ ਅੱਧੀ ਦਰਜਨ ਦੇ ਕਰੀਬ ਬੁਲਾਰਿਆਂ ਨੇ ਸੰਬੋਧਨ ਕੀਤਾ। ਜਥੇਬੰਦੀ ਦੇ ਸੂਬਾਈ ਆਗੂ ਜਗਜੀਤ ਸਿੰਘ ਡੱਲੇਵਾਲ ਅਨੁਸਾਰ ਇਹ ਇਕੱਠ ਕਿਸਾਨਾਂ ਨੂੰ ਦਿੱਲੀ ਜਾਣ ਵਾਸਤੇ ਲਾਮਬੰਦ ਲਈ ਉਲੀਕਿਆ ਗਿਆ ਹੈ, ਨਾ ਕੇ ਵੋਟਾਂ ਜਾਂ ਕੋਈ ਹੋਰ ਲਾਭ ਲੈਣ ਲਈ। ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਮੱਠਾ ਨਹੀਂ ਪਿਆ ਤੇ ਨਾ ਹੀ ਉਥੇ ਕਿਸਾਨਾਂ ਦੀ ਗਿਣਤੀ ਘਟੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਉਨ੍ਹਾਂ ਦੀ ਸਹਿਯੋਗੀ ਨਹੀਂ ਹੈ। ਇਸ ਦੌਰਾਨ ਪੰਜਾਬੀ ਗਾਇਕ ਹਰਿੰਦਰ ਸੰਧੂ ਨੇ ਕਿਸਾਨੀ ਸਬੰਧੀ ਗੀਤ ਗਾ ਕੇ ਕਿਸਾਨਾਂ ਵਿੱਚ ਉਤਸ਼ਾਹ ਭਰਿਆ।
ਐਮੀ ਵਿਰਕ ਦੇ ਹੱਕ ਵਿੱਚ ਆਈ ‘ਨਜ਼ਫਟਾ’
ਚੰਡੀਗੜ੍ਹ (ਕੁਲਦੀਪ ਸਿੰਘ): ਨੌਰਥ ਜ਼ੋਨ ਫਿਲਮ ਅਤੇ ਟੀਵੀ ਆਰਟਿਸਟਸ ਐਸੋਸੀਏਸ਼ਨ (ਨਜ਼ਫਟਾ) ਨੇ ਗਾਇਕ ਅਤੇ ਕਲਾਕਾਰ ਐਮੀ ਵਿਰਕ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ। ਅੱਜ ਇੱਥੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਲਾਕਾਰਾਂ ਤੇ ਅਦਾਕਾਰਾਂ ਨੇ ਵਿਰਕ ’ਤੇ ਕਿਸਾਨ ਵਿਰੋਧੀ ਹੋਣ ਦੇ ਲੱਗੇ ਦੋਸ਼ਾਂ ਨੂੰ ਮੁੱਢੋਂ ਰੱਦ ਕੀਤਾ। ਫਿਲਮ ਨਿਰਦੇਸ਼ਕ ਜਗਦੀਪ ਸਿੱਧੂ, ਬੀਐੱਨ ਸ਼ਰਮਾ, ਦੇਵ ਖਰੌੜ, ਹਰਫ਼ ਚੀਮਾ, ਰਾਣਾ ਜੰਗ ਬਹਾਦਰ, ਸ਼ਿਵੰਦਰ ਮਾਹਲ, ਕੰਵਰ ਗਰੇਵਾਲ, ਗੁਰਪ੍ਰੀਤ ਭੰਗੂ, ਮਲਕੀਤ ਰੌਣੀ, ਸੀਮਾ ਕੌਸ਼ਲ, ਰਾਜ ਧਾਲੀਵਾਲ, ਤਰਸੇਮ ਪੌਲ, ਪਰਮਵੀਰ ਅਤੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬੀ ਦੀਆਂ ਲਗਪਗ 80 ਤੋਂ 90 ਫ਼ਿਲਮਾਂ ਕਰੋਨਾ ਕਾਲ ਤੋਂ ਪਹਿਲਾਂ ਦੀਆਂ ਬਣੀਆਂ ਹੋਈਆਂ ਹਨ, ਜਿਨ੍ਹਾਂ ਨੂੰ ਰਿਲੀਜ਼ ਕਰਨਾ ਜਾਂ ਕਰਵਾਉਣਾ ਕਲਾਕਾਰਾਂ ਦੇ ਹੱਥ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਗੱਲ ਕਰਨ ਤੋਂ ਪਤਾ ਲੱਗਾ ਕਿ ਵਿਰਕ ’ਤੇ ਮੋਰਚੇ ਦੇ ਆਗੂਆਂ ਵੱਲੋਂ ਕੋਈ ਦੋਸ਼ ਨਹੀਂ ਲਗਾਏ ਜਾ ਰਹੇ ਅਤੇ ਨਾ ਹੀ ਕੋਈ ਵਿਰੋਧ ਕੀਤਾ ਜਾ ਰਿਹਾ ਹੈ। ਗਾਇਕ ਬਲਕਾਰ ਸਿੱਧੂ, ਅੰਮ੍ਰਿਤਪਾਲ ਬਿੱਲਾ, ਪਰਮਜੀਤ ਸਿੰਘ ਭੰਗੂ, ਜਸਵੀਰ ਢਿੱਲੋਂ, ਸੁੱਖੀ ਰੰਧਾਵਾ ਅਤੇ ਦਿਲਾਵਰ ਸਿੱਧੂ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਕਲਾਕਾਰਾਂ ਜਾਂ ਫਿਲਮਾਂ ਦਾ ਕਿਸਾਨ ਸੰਘਰਸ਼ ਦੀ ਆੜ ਵਿੱਚ ਗਲਤ ਵਿਰੋਧ ਕਰ ਰਹੇ ਗੈਰਸਮਾਜੀ ਤੱਤਾਂ ਬਾਰੇ ਬਿਆਨ ਜਾਰੀ ਕੀਤੇ ਜਾਣ।
ਭਾਰਤ ਬੰਦ ਲਈ ਸਭਨਾਂ ਵਰਗਾਂ ਦੀ ਲਾਮਬੰਦੀ ਦਾ ਸੱਦਾ
ਚੰਡੀਗੜ੍ਹ (ਦਵਿੰਦਰ ਪਾਲ): ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਸਵਾ ਸੌ ਤੋਂ ਵੱਧ ਥਾਵਾਂ ’ਤੇ ਚੱਲ ਰਹੇ ਧਰਨਿਆਂ ਦੌਰਾਨ ਕਿਸਾਨਾਂ ਨੇ ਸੰਘਰਸ਼ੀ ਮੋਰਚਿਆਂ ਤੋਂ ਸੱਦਾ ਦਿੱਤਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 25 ਸਤੰਬਰ ਨੂੰ ਦਿੱਤੇ ਜਾ ਰਹੇ ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਸਮੁੱਚੇ ਪੰਜਾਬ ’ਚ ਸਭਨਾਂ ਵਰਗਾਂ ਨੂੰ ਲਾਮਬੰਦ ਕੀਤਾ ਜਾਵੇ। ਟੌਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ ’ਚ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ 5 ਸਤੰਬਰ ਨੂੰ ਕਿਸਾਨ ਮਹਾਪੰਚਾਇਤ ਕਰਨ ਅਤੇ 25 ਸਤੰਬਰ ਨੂੰ ਭਾਰਤ ਬੰਦ ਕਰਨ ਦੇ ਸੱਦੇ ਨੂੰ ਕਾਮਯਾਬ ਬਣਾਉਣ ਲਈ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੂੰ ਤਿਆਰੀ ਵਿੱਚ ਹੁਣੇ ਤੋਂ ਜੁੱਟ ਜਾਣ ਦੀ ਅਪੀਲ ਕੀਤੀ।