ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 17 ਦਸੰਬਰ
ਅੰਮ੍ਰਿਤਸਰ ਪੱਛਮੀ ਵਿਧਾਨ ਸਭਾ ਹਲਕਾ ਕਦੇ ਕਾਮਰੇਡਾਂ ਦਾ ਗੜ੍ਹ ਰਿਹਾ ਹੈ ਪਰ ਹੁਣ ਪਿਛਲੇ ਢਾਈ ਤਿੰਨ ਦਹਾਕਿਆਂ ਤੋਂ ਇੱਥੇ ਕਾਂਗਰਸ ਕਾਬਜ਼ ਹੈ। ਇਹ ਹਲਕਾ ਵਿਕਾਸ ਪੱਖੋਂ ਪੱਛੜਿਆ ਹੀ ਰਿਹਾ ਅਤੇ ਹੁਣ ਵੀ ਪੱਛੜਿਆ ਹੋਇਆ ਹੈ। ਸੀਪੀਆਈ ਦੇ ਆਗੂ ਮਰਹੂਮ ਸੱਤਪਾਲ ਡਾਂਗ ਇਸ ਹਲਕੇ ਵਿੱਚੋਂ ਕਈ ਵਾਰ ਵਿਧਾਇਕ ਬਣੇ ਅਤੇ ਪੰਜਾਬ ਵਜ਼ਾਰਤ ਵਿੱਚ ਵੀ ਰਹੇ। ਉਨ੍ਹਾਂ ਦੀ ਪਤਨੀ ਸ੍ਰੀਮਤੀ ਬਿਮਲਾ ਡਾਂਗ ਵੀ ਇਸ ਹਲਕੇ ਤੋਂ ਵਿਧਾਇਕ ਚੁਣੇ ਜਾਂਦੇ ਰਹੇ।
ਇਸ ਇਲਾਕੇ ਦਾ ਪ੍ਰਮੁੱਖ ਰਿਹਾਇਸ਼ੀ ਇਲਾਕਾ ਛੇਹਰਟਾ ਹੈ, ਜਿਥੇ ਛੇਵੇਂ ਗੁਰੂ ਹਰਗੋਬਿੰਦ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਛੇਹਰਟਾ ਸਾਹਿਬ ਵੀ ਹੈ। ਇਸ ਤੋਂ ਇਲਾਵਾ ਪੁਤਲੀ ਘਰ, ਗਵਾਲਮੰਡੀ, ਕੋਟ ਖ਼ਾਲਸਾ, ਗੁਰੂ ਨਾਨਕਪੁਰਾ, ਨਾਰਾਇਣਗੜ੍ਹ ਤੇ ਹੋਰ ਕਈ ਆਬਾਦੀਆਂ ਹਨ। ਇਸ ਹਲਕੇ ਨਾਲ ਕੁਝ ਇਲਾਕਾ ਨੀਮ ਦਿਹਾਤੀ ਖੇਤਰ ਵੀ ਹੈ। ਇਸ ਹਲਕੇ ਵਿੱਚ ਵੱਡੀ ਗਿਣਤੀ ਵਿੱਚ ਸਲੱਮ ਕਲੋਨੀਆਂ ਹੋਣ ਕਾਰਨ ਇੱਥੇ ਨਸ਼ਿਆਂ ਦਾ ਵੀ ਬੋਲਬਾਲਾ ਰਿਹਾ ਹੈ। ਸਲੱਮ ਇਲਾਕਿਆਂ ਵਿੱਚ ਵਿਕਾਸ ਦੀ ਘਾਟ ਹੈ।
”ਹਲਕੇ ਵਿੱਚ ਵਿਕਾਸ ਹੋਇਆ ਹੀ ਨਹੀਂ। ਇਲਾਕੇ ਵਿੱਚ ਸਾਰੇ ਕਾਰਜ ਠੱਪ ਪਏ ਹਨ।”
-ਰਾਕੇਸ਼ ਗਿੱਲ, ਅਕਾਲੀ-ਭਾਜਪਾ
ਹਲਕੇ ਤੋਂ ਕਾਂਗਰਸੀ ਵਿਧਾਇਕ ਅਤੇ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਦਾ ਦਾਅਵਾ ਹੈ ਕਿ ਉਨ੍ਹਾਂ ਸਮੁੱਚੇ ਹਲਕੇ ਵਿੱਚ ਵਿਕਾਸ ਕਾਰਜ ਕਰਵਾਏ ਹਨ। ਲੋਕਾਂ ਨੂੰ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ, ਸੀਵਰੇਜ ਵਿਵਸਥਾ ਨੂੰ ਠੀਕ ਕੀਤਾ, ਗਲੀਆਂ-ਨਾਲੀਆਂ ਬਣਾਈਆਂ ਅਤੇ ਸੜਕਾਂ ਦੀ ਮੁਰੰਮਤ ਕਰਵਾਈ ਹੈ। ਸਿੱਖਿਆ ਨੂੰ ਤਰਜੀਹ ਦਿੰਦਿਆਂ ਸਾਰੇ ਸਰਕਾਰੀ ਸਕੂਲ ਸਮਾਰਟ ਬਣਵਾ ਦਿੱਤੇ ਹਨ। ਕਰੋਨਾ ਮਹਾਮਾਰੀ ਦੌਰਾਨ ਹਲਕੇ ਦੇ ਇੱਕ-ਇੱਕ ਮਰੀਜ਼ ਨੂੰ ਦਵਾਈਆਂ ਅਤੇ ਰਾਸ਼ਨ ਮੁਹੱਈਆ ਕਰਵਾਇਆ।
ਦੂਜੇ ਪਾਸੇ ਭਾਜਪਾ ਤੋਂ ਚੋਣ ਲੜਨ ਵਾਲੇ ਰਾਕੇਸ਼ ਗਿੱਲ ਨੇ ਇਨ੍ਹਾਂ ਦਾਅਵਿਆਂ ਨੂੰ ਝੂਠਾ ਕਰਾਰ ਦਿੰਦਿਆਂ ਆਖਿਆ ਕਿ ਇਸ ਹਲਕੇ ਵਿੱਚ ਵਿਕਾਸ ਹੋਇਆ ਹੀ ਨਹੀਂ ਹੈ। ਅਕਾਲੀ-ਭਾਜਪਾ ਸਰਕਾਰ ਵੇਲੇ ਇਸ ਹਲਕੇ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਸੀਵਰੇਜ ਪ੍ਰਣਾਲੀ ਨੂੰ ਠੀਕ ਕਰਵਾਇਆ ਗਿਆ ਸੀ ਅਤੇ ਸੜਕਾਂ ਬਣਵਾਈਆਂ ਗਈਆਂ ਸਨ ਪਰ ਕਾਂਗਰਸ ਰਾਜ ਵੇਲੇ ਇਹ ਸਾਰੇ ਕੰਮ ਜਿਵੇਂ ਦੇ ਤਿਵੇਂ ਹਨ। ਸੜਕਾਂ ਦਾ ਮਾੜਾ ਹਾਲ ਹੈ।
”ਸਮੁੱਚੇ ਹਲਕੇ ਵਿੱਚ ਵਿਕਾਸ ਕਾਰਜ ਕਰਵਾਏ। ਸਿੱਖਿਆ ਖੇਤਰ ਨੂੰ ਤਰਜੀਹ।”
-ਰਾਜਕੁਮਾਰ, ‘ਕਾਂਗਰਸ’
‘ਆਪ’ ਵੱਲੋਂ ਇਸ ਹਲਕੇ ਤੋਂ ਚੋਣ ਲੜਨ ਵਾਲੇ ਬਲਵਿੰਦਰ ਸਿੰਘ ਸਹੋਤਾ ਹੁਣ ਵਿਦੇਸ਼ ਜਾ ਚੁੱਕੇ ਹਨ ਪਰ ਇਸ ਵੇਲੇ ‘ਆਪ’ ਦੇ ਕਈ ਆਗੂ ਇਸ ਹਲਕੇ ਤੋਂ ਚੋਣ ਲੜਨ ਦੇ ਇੱਛੁਕ ਹਨ। ਇਨ੍ਹਾਂ ਵਿੱਚ ਸ਼ਾਮਲ ਡਾ. ਇੰਦਰਪਾਲ ਇਸ ਹਲਕੇ ਦੇ ਲੰਮੇ ਸਮੇਂ ਤੋਂ ਵਸਨੀਕ ਹਨ ਅਤੇ ਲੋਕਾਂ ਨਾਲ ਜ਼ਮੀਨੀ ਪੱਧਰ ’ਤੇ ਜੁੜੇ ਹੋਏ ਹਨ। ਕਾਂਗਰਸੀ ਵਿਧਾਇਕ ਦੇ ਵਿਕਾਸ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਸਲੱਮ ਕਲੋਨੀਆਂ ਦਾ ਮਾੜਾ ਹਾਲ ਹੈ। ਗਵਾਲ ਮੰਡੀ, ਗੁਰੂ ਨਾਨਕਪੁਰਾ, ਕੁਪੱਤਗੜ੍ਹ, ਪ੍ਰੇਮ ਕਲੋਨੀ, ਕੋਟ ਖ਼ਾਲਸਾ ਤੇ ਹੋਰ ਕਈ ਕਲੋਨੀਆਂ ਵਿੱਚ ਵਿਕਾਸ ਦੀ ਕਮੀ ਹੈ। ਗੁਰਦੁਆਰਾ ਬੋਹੜੀ ਸਾਹਿਬ ਨੂੰ ਜਾਣ ਵਾਲੀ ਸੜਕ ਦਾ ਮਾੜਾ ਹਾਲ ਹੈ। ਇਲਾਕੇ ਵਿੱਚ ਨਾਜਾਇਜ਼ ਸ਼ਰਾਬ ਅਤੇ ਨਸ਼ਿਆਂ ਦੀ ਭਰਮਾਰ ਹੈ। ਉਨ੍ਹਾਂ ਵੀ ਦੋਸ਼ ਲਾਇਆ ਕਿ ਕਾਂਗਰਸੀ ਵਿਧਾਇਕ ਵੱਲੋਂ ਕਰੋਨਾ ਕਾਲ ਵੇਲੇ ਸਿਰਫ਼ ਆਪਣੇ ਚਹੇਤਿਆਂ ਨੂੰ ਹੀ ਦਵਾਈਆਂ ਤੇ ਰਾਸ਼ਨ ਆਦਿ ਵੰਡਿਆ ਗਿਆ ਹੈ।
”ਵਿਕਾਸ ਦੇ ਦਾਅਵੇ ਝੂਠੇ, ਵੱਡੀ ਗਿਣਤੀ ਵਿੱਚ ਸਲੱਮ ਕਲੋਨੀਆਂ ਦਾ ਮਾੜਾ ਹਾਲ। ”
ਇੰਦਰਪਾਲ, ‘ਆਪ’
ਇਸੇ ਹਲਕੇ ਤੋਂ ਚੋਣ ਲੜਨ ਵਾਲੇ ਸੀਪੀਆਈ ਦੇ ਸੀਨੀਅਰ ਆਗੂ ਕਾਮਰੇਡ ਅਮਰਜੀਤ ਸਿੰਘ ਆਸਲ ਨੇ ਵੀ ਆਖਿਆ ਕਿ ਹਲਕੇ ਵਿੱਚ ਵਿਕਾਸ ਦੀ ਘਾਟ ਹੈ। ਵਿਕਾਸ ਪੱਖੋਂ ਵੀ ਹਲਕਾ ਪੱਛੜਿਆ ਹੋਇਆ ਹੈ ਅਤੇ ਖਾਸ ਕਰਕੇ ਸਲੱਮ ਕਲੋਨੀਆਂ ਵਿੱਚ ਉਚੇਚਾ ਧਿਆਨ ਦੇਣ ਦੀ ਲੋੜ ਹੈ।
ਵਿਧਾਨ ਸਭਾ ਚੋਣਾਂ 2017 ਦੇ ਨਤੀਜੇ
ਪਾਰਟੀ ਉਮੀਦਵਾਰ ਚੋਣਾਂ
ਕਾਂਗਰਸ ਰਾਜਕੁਮਾਰ ਵੇਰਕਾ 52271
ਅਕਾਲੀ-ਭਾਜਪਾ ਰਾਕੇਸ਼ ਗਿੱਲ 24424
‘ਆਪ’ ਬਲਵਿੰਦਰ ਸਿੰਘ ਸਹੋਤਾ 24731