ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 5 ਮਈ
ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੋ੍ਮਣੀ ਕਮੇਟੀ ਨੇ 11 ਮਈ ਨੂੰ ਸਿੱਖ ਜਥੇਬੰਦੀਆ ਦੀ ਮੀਟਿੰਗ ਸੱਦੀ ਹੈ, ਜਿਸ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਂਝਾ ਸੰਘਰਸ਼ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ ਅਤੇ ਇਸ ਸੰਘਰਸ਼ ਦੀ ਰੂਪ ਰੇਖਾ ਵੀ ਉਲੀਕੀ ਜਾ ਸਕਦੀ ਹੈ। ਇਹ ਖੁਲਾਸਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ ਹੈ। ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਦੱਸਿਆ ਕਿ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸੱਦੀ ਮੀਟਿੰਗ ਲਈ ਸਮੂਹ ਸਿੱਖ ਜਥੇਬੰਦੀਆਂ, ਸਿੰਘ ਸਭਾਵਾਂ, ਸੰਪਰਦਾਵਾਂ ਨੂੰ ਸੱਦਾ ਪੱਤਰ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਬੀਤੇ ਦਿਨ ਇਸ ਸਬੰਧ ਵਿਚ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ ਕਿ ਬੰਦੀ ਸਿੱਖਾਂ ਦੀ ਰਿਹਾਈ ਲਈ ਸਮੂਹ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਚਾਰਾਜੋਈ ਕੀਤੀ ਜਾਵੇ। ਇੰਟਰਨੈੱਟ ’ਤੇ ਚੱਲ ਰਹੇ ਗੁਰਬਾਣੀ ਐਪ, ਜਿਨ੍ਹਾਂ ਵਿੱਚ ਤਰੁੱਟੀਆਂ ਦੱਸੀਆਂ ਗਈਆਂ ਹਨ, ਦੀ ਸੁਧਾਈ ਕਰਨ ਲਈ ਸਬ ਕਮੇਟੀ ਬਣਾਈ ਗਈ ਹੈ, ਜਿਸ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ, ਅਧਿਕਾਰੀ ਅਤੇ ਹੋਰ ਸ਼ਾਮਲ ਹਨ। ਇਹ ਕਮੇਟੀ ਜਲਦੀ ਹੀ ਇਨ੍ਹਾਂ ਐਪਸ ਨੂੰ ਕਾਨੂੰਨੀ ਨੋਟਿਸ ਭੇਜੇਗੀ ਅਤੇ ਤਰੁੱਟੀਆਂ ਵਿੱਚ ਸੁਧਾਈ ਕਰਵਾਏਗੀ। ਇਸ ਬਾਰੇ ਵੀ ਸ਼੍ਰੋਮਣੀ ਕਮੇਟੀ ਨੂੰ ਅਕਾਲ ਤਖ਼ਤ ਵੱਲੋਂ ਆਦੇਸ਼ ਕੀਤੇ ਗਏ ਹਨ।