ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 1 ਜਨਵਰੀ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਖੇਤੀ ਕਾਨੂੰਨਾਂ ਖਿਲਾਫ ਕੀਤੇ ਜਾ ਰਹੇ ਸੰਘਰਸ਼ ਦੇ 100ਵੇਂ ਦਿਨ ਅੱਜ ਭਾਜਪਾ ਦੇ ਕੌਮੀ ਆਗੂ ਤਰੁਣ ਚੁੱਘ ਅਤੇ ਟ੍ਰਿਲੀਅਮ ਮਾਲ ਦੇ ਬਾਹਰ ਧਰਨਾ ਦੇ ਕੇ ਵਿਖਾਵਾ ਕੀਤਾ ਗਿਆ ਹੈ। ਜਥੇਬੰਦੀ ਵਲੋਂ ਕੀਤੇ ਗਏ ਫੈਸਲੇ ਤਹਿਤ ਅੱਜ ਨਵੇਂ ਵਰ੍ਹੇ ਦੀ ਸ਼ੁਰੂਆਤ ਧਰਨਿਆਂ ਅਤੇ ਮੁਜਾਹਰਿਆਂ ਨਾਲ ਕੀਤੀ ਗਈ ਹੈ। ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਜਥੇਬੰਦੀ ਦੇ ਕਾਰਕੁਨ ਮਾਰਚ ਕਰਦੇ ਹੋਏ ਭਾਜਪਾ ਆਗੂ ਤਰੁਣ ਚੁੱਘ ਦੇ ਘਰ ਨੇੜੇ ਪੁੱਜੇ, ਜਿਥੇ ਪੁਲੀਸ ਵਲੋਂ ਪਹਿਲਾਂ ਹੀ ਸੁਰੱਖਿਆ ਬੰਦੋਬਸਤ ਕੀਤੇ ਗਏ ਹੋਏ ਸਨ। ਕਿਸਾਨ ਕਾਰਕੁੰਨਾਂ ਨੇ ਘਰ ਦੇ ਨੇੜੇ ਪਾਰਕ ਕੋਲ ਧਰਨਾ ਦੇ ਦਿੱਤਾ, ਜੋ ਸ਼ਾਮ ਵੇਲੇ ਸਮਾਪਤ ਹੋਇਆ। ਇਸ ਧਰਨੇ ਨੂੰ ਜਥੇਬੰਦੀ ਦੇ ਆਗੂ ਗੁਰਲਾਲ ਸਿੰਘ ਪੰਡੋਰੀ, ਗੁਰਬਚਨ ਸਿੰਘ ਚੱਬਾ, ਜਰਮਨਜੀਤ ਸਿੰਘ, ਲਖਵਿੰਦਰ ਸਿੰਘ ਵਰਿਆਮ ਨੰਗਲ ਤੇ ਹੋਰਨਾਂ ਨੇ ਸੰਬੋਧਨ ਕੀਤਾ।