ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 15 ਨਵੰਬਰ
ਸ਼ਹਿਰ ਵਿਚ ਹਾਰਡਵੇਅਰ ਦੇ ਗੁਦਾਮ ਵਿੱਚ ਅੱਜ ਭਿਆਨਕ ਅੱਗ ਲੱਗ ਗਈ। ਇਸ ’ਤੇ ਕਾਬੂ ਪਾਉਣ ਵਾਸਤੇ ਫਾਇਰ ਬ੍ਰਿਗੇਡ ਨੂੰ ਸਖ਼ਤ ਮਿਹਨਤ ਕਰਨੀ ਪਈ।
ਇਸ ਤੋਂ ਇਲਾਵਾ ਦੀਵਾਲੀ ਵਾਲੀ ਰਾਤ ਸ਼ਹਿਰ ਵਿੱਚ ਵੱਖ ਵੱਖ 13 ਥਾਵਾਂ ’ਤੇ ਅੱਗ ਲੱਗੀ। ਇਥੋਂ ਦੇ ਹੁਸੈਨਪੁਰਾ ਚੌਕ ਦੀ ਗਲੀ ਨੰਬਰ 4 ਵਿਚ ਸਥਾਪਤ ਹਾਰਡਵੇਅਰ ਦੇ ਗੁਦਾਮ ਵਿੱਚ ਲੱਗੀ ਅੱਗ ਨੂੰ ਕਾਬੂ ਕਰ ਲਿਆ ਗਿਆ ਹੈ। ਗੁਦਾਮ ਵਿਚ ਕਈ ਤਰ੍ਹਾਂ ਦੇ ਕੈਮੀਕਲ, ਫੈਵੀਕੋਲ ਤੇ ਹੋਰ ਸਾਮਾਨ ਸੀ, ਜਿਸ ਨਾਲ ਅੱਗ ਭੜਕ ਗਈ। ਅੱਗ ’ਤੇ ਕਾਬੂ ਪਾਉਣ ਵਾਸਤੇ 70 ਟੈਂਡਰ ਪਾਣੀ ਦੀ ਵਰਤੋਂ ਕੀਤੀ ਗਈ ਹੈ। ਇਸ ਵਾਸਤੇ ਏਅਰ ਫੋਰਸ ਸਮੇਤ ਹੋਰ ਕਈ ਵਿਭਾਗਾਂ ਤੋਂ ਅੱਗ ਬੁਝਾਊ ਵਾਹਨਾਂ ਦੀ ਮੱਦਦ ਲੈਣੀ ਪਈ। ਜ਼ਿਲ੍ਹਾ ਫਾਇਰ ਬ੍ਰਿਗੇਡ ਅਫ਼ਸਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾ ਲਿਆ ਹੈ ਪਰ ਅਜੇ ਵੀ ਇਕ ਟੈਂਡਰ ਅੱਗ ’ਤੇ ਪਾਣੀ ਪਾ ਰਿਹਾ ਹੈ। ਇਹ ਅੱਗ ਅੱਜ ਸਵੇਰੇ ਛੇ ਵਜੇ ਲੱਗੀ। ਅੱਗ ਲੱਗਣ ਦਾ ਕਾਰਨ ਫਿਲਹਾਲ ਪਤਾ ਨਹੀਂ ਲੱਗਾ ਹੈ। ਇਸ ਤੋਂ ਇਲਾਵਾ ਸਿਵਲ ਹਸਪਤਾਲ ਦੇ ਨੇੜੇ ਇਕ ਦੁਕਾਨ ਵਿਚ ਵੀ ਭਾਰੀ ਅੱਗ ਲੱਗੀ ਹੈ। ਇਹ ਦੁਕਾਨ ਫਰਿੱਜਾਂ ਦੇ ਕੰਪਰੈਸਰਾਂ ਦੀ ਮੁਰੰਮਤ ਦੀ ਹੈ।