ਅੰਮ੍ਰਿਤਪਾਲ ਸਿੰਘ ਫਰਾਰ; 78 ਕਾਰਕੁਨ ਗ੍ਰਿਫ਼ਤਾਰ : The Tribune India

ਅੰਮ੍ਰਿਤਪਾਲ ਸਿੰਘ ਫਰਾਰ; 78 ਕਾਰਕੁਨ ਗ੍ਰਿਫ਼ਤਾਰ

‘ਵਾਰਿਸ ਪੰਜਾਬ ਦੇ’ ਜਥੇਬੰਦੀ ਖ਼ਿਲਾਫ਼ ਪੁਲੀਸ ਕਾਰਵਾਈ

ਅੰਮ੍ਰਿਤਪਾਲ ਸਿੰਘ ਫਰਾਰ; 78 ਕਾਰਕੁਨ ਗ੍ਰਿਫ਼ਤਾਰ

ਜਲੰਧਰ ਵਿੱਚ ‘ਵਾਰਿਸ ਪੰਜਾਬ’ ਦੇ ਕਾਰਕੁਨਾਂ ਖ਼ਿਲਾਫ਼ ਕਾਰਵਾਈ ਕਰਦੀ ਹੋਈ ਪੁਲੀਸ ਤੇ (ਇਨਸੈੱਟ) ਅੰਿਮ੍ਰਤਪਾਲ ਿਸੰਘ। -ਫੋਟੋ: ਸਰਬਜੀਤ ਿਸੰਘ

ਆਤਿਸ਼ ਗੁਪਤਾ/ਗੁਰਮੀਤ ਸਿੰਘ ਖੋਸਲਾ

ਮੁੱਖ ਅੰਸ਼

  • ਪਹਿਲਾਂ ਗ੍ਰਿਫ਼ਤਾਰ ਹੋਣ ਦੀ ਆਈ ਸੀ ਖ਼ਬਰ
  • ਹਮਾਇਤੀਆਂ ਵੱਲੋਂ ਰੋਸ ਮੁਜ਼ਾਹਰੇ ਸ਼ੁਰੂ
  • ਪੁਲੀਸ ਨੇ ਸੂਬੇ ਿਵੱਚ ਸੁਰੱਖਿਆ ਵਧਾਈ

ਚੰਡੀਗੜ੍ਹ/ਸ਼ਾਹਕੋਟ, 18 ਮਾਰਚ

ਪੰਜਾਬ ਪੁਲੀਸ ਨੇ ਪਿਛਲੇ ਦਿਨੀਂ ਪੰਜਾਬ ਦੇ ਅਜਨਾਲਾ ਵਿੱਚ ਵਾਪਰੀ ਘਟਨਾ ਤੋਂ ਬਾਅਦ ਅੱਜ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਕਾਰਕੁਨਾਂ ਖ਼ਿਲਾਫ਼ ਕਾਰਵਾਈ ਕਰਦਿਆਂ ਜਥੇਬੰਦੀ ਦੇ 78 ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਫਰਾਰ ਹੋ ਗਿਆ। ਇਸ ਤੋਂ ਪਹਿਲਾਂ ਦਿਨੇ ਅਜਿਹੀ ਖ਼ਬਰ ਆਈ ਸੀ ਕਿ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਗ੍ਰਿਫ਼ਤਾਰ ਕੀਤੇ ਕਾਰਕੁਨਾਂ ਨੂੰ ਹਿਰਾਸਤ ’ਚ ਲੈ ਕੇ ਪੁੱਛ ਪੜਤਾਲ ਕਰ ਰਹੀ ਹੈ। ਦੂਜੇ ਪਾਸੇ ਪੁਲੀਸ ਦੀ ਕਾਰਵਾਈ ਤੋਂ ਖਫ਼ਾ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਦੇ ਹਮਾਇਤੀਆਂ ਨੇ ਸੂਬੇ ਭਰ ’ਚ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ, ਜਿਸ ਕਰ ਕੇ ਪੁਲੀਸ ਨੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਹਨ। ਧਾਰਮਿਕ ਸਥਾਨਾਂ ਤੇ ਮੁੱਖ ਬਾਜ਼ਾਰਾਂ ’ਚ ਵੀ ਚੌਕਸੀ ਵਧਾ ਦਿੱਤੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਨੇ ਅੱਜ ਚਲਾਈ ਮੁਹਿੰਮ ਦੌਰਾਨ 9 ਹਥਿਆਰ ਤੇ 373 ਕਾਰਤੂਸ ਬਰਾਮਦ ਕੀਤੇ ਹਨ ਜਿਨ੍ਹਾਂ ਵਿੱਚ ਇਕ 315 ਬੋਰ ਦੀ ਰਾਈਫਲ, 12 ਬੋਰ ਦੀਆਂ ਸੱਤ ਰਾਈਫਲਾਂ, ਇਕ ਰਿਵਾਲਵਰ ਵੀ ਸ਼ਾਮਲ ਹੈ। ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ‘ਵਾਰਿਸ ਪੰਜਾਬ ਦੇ’ ਦੇ ਕਾਰਕੁਨਾਂ ਖ਼ਿਲਾਫ਼ ਚਾਰ ਅਪਰਾਧਿਕ ਕੇਸ ਦਰਜ ਹਨ ਜਿਨ੍ਹਾਂ ਵਿੱਚ ਸਮਾਜ ਵਿੱਚ ਅਸਥਿਰਤਾ ਫੈਲਾਉਣ, ਇਰਾਦਾ ਕਤਲ, ਪੁਲੀਸ ਮੁਲਾਜ਼ਮਾਂ ’ਤੇ ਹਮਲਾ ਕਰਨ ਅਤੇ ਸਰਕਾਰੀ ਡਿਊਟੀਆਂ ’ਚ ਵਿਘਨ ਪਾਉਣ ਸਬੰਧੀ ਕੇਸ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅਜਨਾਲਾ ਥਾਣੇ ’ਤੇ ਹਮਲੇ ਦੇ ਮਾਮਲੇ ’ਚ ਵੀ ‘ਵਾਰਿਸ ਪੰਜਾਬ ਦੇ’ ਦੇ ਕਾਰਕੁਨਾਂ ਵਿਰੁੱਧ 24 ਫਰਵਰੀ ਨੂੰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹੈ। ਜ਼ਿਕਰਯੋਗ ਹੈ ਕਿ ਅੱਜ ਸਵੇਰੇ ਪੁਲੀਸ ਵੱਲੋਂ ‘ਵਾਰਿਸ ਪੰਜਾਬ ਦੇ’ ਦੇ ਕਾਰਕੁਨਾਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਤੋਂ ਬਾਅਦ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਦੀਆਂ ਅਫਵਾਹਾਂ ਚੱਲ ਰਹੀਆਂ ਹਨ। ਪੰਜਾਬ ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਅੱਜ ਦੁਪਹਿਰ ਨੂੰ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ-ਮਲਸੀਆਂ ਰੋਡ ’ਤੇ ‘ਵਾਰਿਸ ਪੰਜਾਬ ਦੇ’ ਦੇ 7 ਕਾਰਕੁਨਾਂ ਗ੍ਰਿਫ਼ਤਾਰ ਕੀਤਾ ਹੈ, ਪਰ ਅੰਮ੍ਰਿਤਪਾਲ ਸਿੰਘ ਸਮੇਤ ਕਈ ਹੋਰ ਫ਼ਰਾਰ ਹੋ ਗਏ ਹਨ ਜਿਨ੍ਹਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਪਰਾਧਿਕ ਮਾਮਲਿਆਂ ’ਚ ਸ਼ਾਮਲ ਸਾਰੇ ਵਿਅਕਤੀਆਂ ਨਾਲ ਕਾਨੂੰਨ ਮੁਤਾਬਕ ਨਜਿੱਠਿਆ ਜਾਵੇਗਾ। ਇਸ ਤੋਂ ਪਹਿਲਾਂ ਸ਼ਾਹਕੋਟ ਤੋਂ ਪ੍ਰਾਪਤ ਰਿਪੋਰਟਾਂ ’ਚ ਕਿਹਾ ਗਿਆ ਸੀ ਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਉਸ ਦੇ ਤਿੰਨ ਸਾਥੀਆਂ ਸਮੇਤ ਪੁਲੀਸ ਨੇ ਸ਼ਾਹਕੋਟ ਨੇੜਿਓਂ ਗ੍ਰਿਫ਼ਤਾਰ ਕੀਤਾ ਹੈ। ਪਹਿਲਾਂ ਹਾਸਲ ਹੋਈਆਂ ਰਿਪੋਰਟਾਂ ਮੁਤਾਬਿਕ ਅੱਜ ਸਵੇਰ ਤੋਂ ਹੀ ਤਕਰੀਬਨ 6 ਜ਼ਿਲ੍ਹਿਆਂ ਦੀ ਪੁਲੀਸ ਸ਼ਾਹਕੋਟ ਇਲਾਕੇ ਵਿੱਚ ਘੁੰਮ ਰਹੀ ਸੀ। ਦੁਪਹਿਰ ਵੇਲੇ ਜਿਉਂ ਹੀ ਅੰਮ੍ਰਿਤਪਾਲ ਸਿੰਘ ਸ਼ਾਹਕੋਟ ਵਿਚੋਂ ਲੰਘਿਆ ਤਾਂ ਐੱਸਪੀ (ਡੀ) ਜਲੰਧਰ ਸਰਬਜੀਤ ਸਿੰਘ ਬਾਹੀਆ ਦੀ ਅਗਵਾਈ ਹੇਠ ਵੱਡੀ ਗਿਣਤੀ ਪੁਲੀਸ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਅੰਮ੍ਰਿਤਪਾਲ ਸਿੰਘ ਪੁਲੀਸ ਨੂੰ ਝਕਾਨੀ ਦੇ ਪਿੰਡਾਂ ’ਚੋਂ ਹੁੰਦਾ ਹੋਇਆ ਮਹਿਤਪੁਰ ਵੱਲ ਚਲਾ ਗਿਆ ਤੇ ਦੱਸਿਆ ਗਿਆ ਕਿ ਪੁਲੀਸ ਨੇ ਪਿੰਡ ਸੰਗੋਵਾਲ ਨੇੜੇ ਅੰਮ੍ਰਿਤਪਾਲ ਸਿੰਘ ਨੂੰ ਉਸ ਦੇ 3 ਸਾਥੀਆਂ ਸਮੇਤ ਕਾਬੂ ਕਰ ਲਿਆ ਹੈ ਪਰ ਮਗਰੋਂ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦੀ ਇਹ ਖ਼ਬਰ ਅਫਵਾਹ ਨਿਕਲੀ।

ਗਰਮ ਖਿਆਲੀ ਕਾਰਕੁਨਾਂ ਦੇ ਟਿਕਾਣਿਆਂ ’ਤੇ ਛਾਪੇ; 15 ਗ੍ਰਿਫ਼ਤਾਰ

ਤਰਨ ਤਾਰਨ (ਪੱਤਰ ਪ੍ਰੇਰਕ): ਪੁਲੀਸ ਨੇ ਅੱਜ ‘ਵਾਰਸ ਪੰਜਾਬ ਦੇ’ ਆਗੂ ਅੰਮ੍ਰਿਤਪਾਲ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਰਗਰਮ ਸਮਰਥਕਾਂ ਦੇ ਘਰਾਂ ਤੇ ਛਾਪੇ ਮਾਰ ਕੇ 15 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ| ਗ੍ਰਿਫ਼ਤਾਰ ਕੀਤੇ ਜਾਣ ਵਾਲਿਆਂ ਖ਼ਿਲਾਫ਼ ਕੇਸ ਦਰਜ ਮਗਰੋਂ ਉਨ੍ਹਾਂ ਨੂੰ ਅਦਾਲਤ ਦੇ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਭੇਜ ਦਿੱਤਾ ਗਿਆ ਹੈ| ਇਸ ਸਬੰਧੀ ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਦੀਆਂ ਵੱਖ ਵੱਖ ਟੀਮਾਂ ਨੇ 50 ਦੇ ਕਰੀਬ ਗਰਮ ਖਿਆਲੀਆਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਹਨ| ਉਨ੍ਹਾਂ ਕਿਹਾ ਕਿ ਵਧੇਰੇ ਆਗੂ ਛਾਪਿਆਂ ਦੀ ਅਗਾਊਂ ਜਾਣਕਾਰੀ ਮਿਲਣ ’ਤੇ ਰੂਪੋਸ਼ ਹੋ ਗਏ ਸਨ| ਐੱਸਐੱਸਪੀ ਨੇ ਗ੍ਰਿਫ਼ਤਾਰ ਕੀਤੇ ਜਾਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।

ਪਿੰਡ ਜੱਲੂਪੁਰ ਖੇੜਾ ਵਿੱਚ ਸੁਰੱਖਿਆ ਦਸਤੇ ਤਾਇਨਾਤ

ਜੰਡਿਆਲਾ ਗੁਰੂ ਦੇ ਪਿੰਡ ਜੱਲੂਪੁਰ ਖੇੜਾ ਜਾਣ ਵਾਲੇ ਰਸਤੇ ਉੱਪਰ ਤਾਇਨਾਤ ਸੁਰੱਖਿਆ ਦਸਤੇ।

ਜੰਡਿਆਲਾ ਗੁਰੂ (ਸਿਮਰਤ ਪਾਲ ਸਿੰਘ ਬੇਦੀ): ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਉਸ ਦੇ ਜੱਦੀ ਪਿੰਡ ਜੱਲੂਪੁਰ ਖੇੜਾ ਵਿੱਚ ਵੱਡੀ ਗਿਣਤੀ ਵਿਚ ਸੁਰੱਖਿਆ ਦਸਤੇ ਤਾਇਨਾਤ ਕਰ ਦਿੱਤੇ ਗਏ ਹਨ। ਜੱਲੂਪੁਰ ਖੇੜਾ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲੀਸ ਤੇ ਕੇਂਦਰੀ ਰਿਜ਼ਰਵ ਪੁਲੀਸ ਫੋਰਸ ਮੌਜੂਦ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੱਲੂਪੁਰ ਖੇੜਾ ਨੂੰ ਜਾਣ ਵਾਲੇ ਰਸਤੇ ਉਪਰ ਇੱਕ ਕਿਲੋਮੀਟਰ ਪਹਿਲਾਂ ਹੀ ਨਾਕਾਬੰਦੀ ਕਰਕੇ ਪਿੰਡ ਨੂੰ ਘੇਰਾ ਪਾਇਆ ਹੋਇਆ ਹੈ। ਸੁਰੱਖਿਆ ਦਸਤਿਆਂ ਵੱਲੋਂ ਪਿੰਡ ਵਿੱਚ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਮੌਕੇ ’ਤੇ ਸਬ-ਡਿਵੀਜ਼ਨ ਬਾਬਾ ਬਕਾਲਾ ਦੇ ਡੀਐੱਸਪੀ ਹਰਕ੍ਰਿਸ਼ਨ ਸਿੰਘ ਮੌਜੂਦ ਸਨ ਪਰ ਇਸ ਸਬੰਧੀ ਪੁਲੀਸ ਦਾ ਕੋਈ ਵੀ ਅਧਿਕਾਰੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ।

ਪੰਜਾਬ ਵਿੱਚ ਇੰਟਰਨੈੱਟ ਸੇਵਾਵਾਂ ਮੁਅੱਤਲ

ਚੰਡੀਗੜ੍ਹ: ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੇ ਸੂਬੇ ’ਚ ਬਣੇ ਹਾਲਾਤ ਨੂੰ ਦੇਖਦਿਆਂ 19 ਮਾਰਚ ਨੂੰ ਦੁਪਹਿਰ 12 ਵਜੇ ਤੱਕ ਇੰਟਰਨੈੱਟ ਸੇਵਾਵਾਂ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਵਿਭਾਗ ਦੇ ਅਧਿਕਾਰੀ ਨੇ ਦੱਸਿਆ, ‘ਡੀਜੀਪੀ ਨੇ ਮੇਰੇ ਧਿਆਨ ’ਚ ਲਿਆਂਦਾ ਕਿ ਕੁਝ ਸਮਾਜ ਵਿਰੋਧੀ ਅਨਸਰ ਸੂਬੇ ’ਚ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਨੂੰ ਧਿਆਨ ’ਚ ਰਖਦਿਆਂ ਹੁਕਮ ਦਿੱਤੇ ਗਏ ਹਨ ਕਿ ਪੰਜਾਬ ਭਰ ’ਚ 18 ਮਾਰਚ ਨੂੰ ਦੁਪਹਿਰ 12 ਵਜੇ ਤੋਂ ਲੈ ਕੇ 19 ਮਾਰਚ ਨੂੰ ਦੁਪਹਿਰ 12 ਵਜੇ ਤੱਕ ਸਾਰੀਆਂ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ।

ਲੋਕਾਂ ਨੂੰ ਅਫਵਾਹਾਂ ’ਤੇ ਧਿਆਨ ਨਾ ਦੇਣ ਦੀ ਅਪੀਲ

ਪੰਜਾਬ ਪੁਲੀਸ ਨੇ ਲੋਕਾਂ ਨੂੰ ਅਫਵਾਹਾਂ ’ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਵਾਲੇ ਸ਼ਰਾਰਤੀ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਇਸ ਸਬੰਧੀ ਕੀਤੇ ਗਏ ਟਵੀਟ ਵਿੱਚ ਕਿਹਾ ਗਿਆ ਹੈ ਕਿ ਸਾਰੇ ਨਾਗਰਿਕ ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ। ਉਨ੍ਹਾਂ ਲੋਕਾਂ ਨੂੰ ਭੜਕਾਹਟ ’ਚ ਨਾ ਆਉਣ ਅਤੇ ਫਰਜ਼ੀ ਖ਼ਬਰਾਂ ਤੇ ਨਫਰਤੀ ਬਿਆਨਾਂ ਤੋਂ ਬਚਣ ਦੀ ਅਪੀਲ ਵੀ ਕੀਤੀ ਹੈ।

ਅੰਮ੍ਰਿਤਪਾਲ ਦੇ ਆਈਐੱਸਆਈ, ਅਤਿਵਾਦੀ ਗਰੁੱਪਾਂ ਨਾਲ ਕਰੀਬੀ ਸਬੰਧ

ਨਵੀਂ ਦਿੱਲੀ: ਅਧਿਕਾਰਤ ਸੂਤਰਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਦੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਨਾਲ ਨੇੜਲੇ ਸਬੰਧ ਹਨ ਤੇ ਕਈ ਹੋਰ ਵਿਦੇਸ਼ੀ ਅਤਿਵਾਦੀ ਗਰੁੱਪਾਂ ਨਾਲ ਵੀ ਉਸ ਦੀ ਨੇੜਤਾ ਹੈ। ਸੂਤਰਾਂ ਮੁਤਾਬਕ ਅੰਮ੍ਰਿਤਪਾਲ ਯੂਕੇ ਅਧਾਰਿਤ ਖਾਲਿਸਤਾਨੀ ਅਤਿਵਾਦੀ ਅਵਤਾਰ ਸਿੰਘ ਖੰਡਾ ਦਾ ਕਰੀਬੀ ਹੈ ਤੇ ਉਸ ਦੇ ਅਚਾਨਕ ਐਨੇ ਵੱਡੇ ਪੱਧਰ ਉਤੇ ਉਭਾਰ ਪਿੱਛੇ ਖੰਡਾ ਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਖੰਡਾ ਪਾਬੰਦੀ ਅਧੀਨ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਪਰਮਜੀਤ ਸਿੰਘ ਪੰਮਾ ਦਾ ਭਰੋਸੇਯੋਗ ਸਾਥੀ ਹੈ, ਜੋ ਸਿੱਖ ਨੌਜਵਾਨਾਂ ਨੂੰ ਕੱਟੜਵਾਦ ਵੱਲ ਤੋਰਨ ਲਈ ਸਿਖ਼ਲਾਈ ਦਿੰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਤਿੰਨੇ ਆਪਣੀ ਕੱਟੜ ਵਿਚਾਰਧਾਰਾ ਨਾਲ ਸਿੱਖ ਨੌਜਵਾਨਾਂ ਨੂੰ ਜੋੜ ਕੇ ਪੰਜਾਬ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਖੰਡਾ ਬਰਮਿੰਘਮ ਤੇ ਗਲਾਸਗੋ ਤੋਂ ਧਮਾਕਾਖ਼ੇਜ਼ ਸਮੱਗਰੀ ਬਣਾਉਣ ਬਾਰੇ ਆਨਲਾਈਨ ਵੀਡੀਓ ਅਪਲੋਡ ਕਰਦਾ ਹੈ। ਉਹ ਆਮ ਤੌਰ ਉਤੇ ਉਪਲਬਧ ਰਸਾਇਣਾਂ ਨਾਲ ਆਈਈਡੀ ਬਣਾਉਣ ਬਾਰੇ ਜਾਣਕਾਰੀ ਦਿੰਦਾ ਹੈ। ਅੰਮ੍ਰਿਤਪਾਲ ਸਿੰਘ ਦੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਲਖਬੀਰ ਸਿੰਘ ਰੋਡੇ ਨਾਲ ਵੀ ਸੰਪਰਕ ਹਨ, ਜੋ ਕਿ ਭਾਰਤ ਵਿਚ ਹਥਿਆਰਾਂ ਤੇ ਆਰਡੀਐਕਸ ਦੀ ਤਸਕਰੀ ਦੇ ਕੇਸਾਂ ਵਿਚ ਪੁਲੀਸ ਨੂੰ ਲੋੜੀਂਦਾ ਹੈ। ਉਹ ਨਵੀਂ ਦਿੱਲੀ ਵਿਚ ਆਗੂਆਂ ’ਤੇ ਹਮਲੇ ਦੀਆਂ ਸਾਜ਼ਿਸ਼ਾਂ ਘੜਦਾ ਰਿਹਾ ਹੈ ਤੇ ਪੰਜਾਬ ਵਿਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਅੰਮ੍ਰਿਤਪਾਲ ਸਿੰਘ ਜਦ ਦੁਬਈ ਵਿਚ ਸੀ ਤਾਂ ਉਹ ਰੋਡੇ ਦੇ ਭਰਾ ਜਸਵੰਤ ਦੇ ਨੇੜਲੇ ਸੰਪਰਕਾਂ ਵਿਚ ਸੀ। ਸੂਤਰਾਂ ਮੁਤਾਬਕ ਅੰਮ੍ਰਿਤਪਾਲ ਆਪਣੇ ਸਾਥੀਆਂ ਨੂੰ ਹਥਿਆਰਬੰਦ ਹੋਣ ਲਈ ਕਹਿੰਦਾ ਸੀ ਤੇ ਉਨ੍ਹਾਂ ‘ਆਨੰਦਪੁਰ ਖਾਲਸਾ ਆਰਮੀ’ ਦੇ ਨਾਂ ਹੇਠ ਇਕ ਗਰੁੱਪ ਵੀ ਬਣਾਇਆ ਸੀ। ਇਹ ਗਰੁੱਪ ਹਮੇਸ਼ਾ ਉਸ ਦੇ ਨਾਲ ਖ਼ਤਰਨਾਕ ਹਥਿਆਰਾਂ ਨਾਲ ਰਹਿੰਦਾ ਸੀ। ਦੁਬਈ ਵਿਚ ਟਰਾਂਸਪੋਰਟ ਅਪਰੇਟਰ ਵਜੋਂ ਕੰਮ ਕਰਦਿਆਂ ਅੰਮ੍ਰਿਤਪਾਲ ਉੱਥੇ ਆਈਐੱਸਆਈ ਦੇ ਸੰਪਰਕ ਵਿਚ ਆਇਆ ਸੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਇੱਕ ਸੀ ‘ਬਾਪੂ ਭਾਈ’

ਇੱਕ ਸੀ ‘ਬਾਪੂ ਭਾਈ’

... ਕਾਗਦ ਪਰ ਮਿਟੈ ਨ ਮੰਸੁ।।

... ਕਾਗਦ ਪਰ ਮਿਟੈ ਨ ਮੰਸੁ।।

ਸ਼ਹਿਰ

View All