ਸਤਵਿੰਦਰ ਬਸਰਾ
ਲੁਧਿਆਣਾ, 15 ਅਕਤੂਬਰ
ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਅੱਜ ਪੰਜਾਬੀ ਭਵਨ ਵਿੱਚ ਕਰਵਾਏ ਗਏ ਸਨਮਾਨ ਸਮਾਗਮ ਦੌਰਾਨ ਕੇਐੱਲ ਗਰਗ ਨੂੰ ਅੰਮ੍ਰਿਤਾ ਇਮਰੋਜ਼ ਪੁਰਸਕਾਰ 2022, ਡਾ. ਹਰਿਭਜਨ ਸਿੰਘ ਭਾਟੀਆ ਨੂੂੰ ਅਮੋਲ ਪ੍ਰਤਾਪ ਸਾਹਿਤ ਸਨਮਾਨ 2022 ਅਤੇ ਮਾਸਟਰ ਤਰਲੋਚਨ ਸਿੰਘ ਸਮਰਾਲਾ ਨੂੰ ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰੀ ਪੁਰਸਕਾਰ 2021 ਨਾਲ ਸਨਮਾਨਿਆ ਗਿਆ। ਸਮਾਗਮ ਦੌਰਾਨ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਸਾਬਕਾ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਮੁੱਖ ਮਹਿਮਾਨ ਵਜੋਂ ਅਤੇ ਡਾ. ਸੁਰਜੀਤ ਪਾਤਰ ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਇਨਾਮੀ ਰਾਸ਼ੀ, ਦੋਸ਼ਾਲੇ, ਸ਼ੋਭਾ-ਪੱਤਰ ਅਤੇ ਪੁਸਤਕਾਂ ਦੇ ਸੈੱਟ ਭੇਟ ਕੀਤੇ ਗਏ। ਇਸ ਮੌਕੇ ਡਾ. ਪਾਤਰ ਨੇ ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਤਿੰਨੋਂ ਸ਼ਖਸੀਅਤਾਂ ਨੂੰ ਮੁਬਾਰਕਬਾਦ ਦਿੱਤੀ। ਇਸ ਦੌਰਾਨ 300 ਸਾਲਾ ਵਾਰਿਸ ਸ਼ਾਹ ਯਾਦਗਾਰੀ ਭਾਸ਼ਣ ਦਿੰਦਿਆਂ ਉਨ੍ਹਾਂ ਕਿਹਾ ਕਿ ਵਾਰਿਸ ਦਾ ਕਿੱਸਾ ਇੱਕ ਪ੍ਰੇਮ ਕਥਾ ਦੇ ਨਾਲ ਨਾਲ 18ਵੀਂ ਸਦੀ ਦੇ ਪੰਜਾਬ ਦਾ ਵਸਦਾ-ਰਸਦਾ ਚਿੱਤਰ ਵੀ ਹੈ। ਉਨ੍ਹਾਂ ਕਿਹਾ ਕਿ ਸੰਗੀਤ ਮਾਨਵਤਾ ਨੂੰ ਏਕਤਾ ਵਿੱਚ ਬੰਨ੍ਹਦਾ ਹੈ ਤੇ ਇਸ ਕਿੱਸੇ ਵਿੱਚੋਂ ਇਹ ਹੀ ਸੁਰ ਨਿਕਲਦੀ ਹੈ। ਮੁੱਖ ਮਹਿਮਾਨ ਡਾ. ਜੌਹਲ ਨੇ ਕਿਹਾ ਕਿ ਸਾਹਿਤ ਸਮੇਂ ਅਤੇ ਹਾਲਾਤ ਮੁਤਾਬਕ ਸੱਚ ਨੂੰ ਫੜਦਾ ਅਤੇ ਸਮਾਜ ਨੂੰ ਸੇਧ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਮਾਜ ਦੀ ਨਬਜ਼ ਪਛਾਣ ਕੇ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਉਣ ਦੀ ਲੋੜ ਹੈ। ਪ੍ਰੋ. ਗਿੱਲ ਨੇ ਕਿਹਾ ਕਿ ਅੱਜ ਦੀਆਂ ਸਨਮਾਨਿਤ ਸ਼ਖ਼ਸੀਅਤਾਂ ਨੇ ਨਵੀਆਂ ਰਚਨਾਵਾਂ ਦੇ ਨਾਲ ਨਾਲ ਸਮੇਂ ਨੂੰ ਵੀ ਘੜਿਆ ਹੈ। ਬੀਬਾ ਬਲਵੰਤ ਨੇ ਕਿਹਾ ਕਿ ਅੰਮ੍ਰਿਤਾ ਇਮਰੋਜ਼ ਨੇ ਮੁਹੱਬਤ ਦੀ ਨੀਂਹ ਰੱਖੀ ਤੇ ਇਹ ਇਨਾਮ ਮੁਹੱਬਤ ਦੇ ਰਿਸ਼ਤੇ ਨੂੰ ਸਮਰਪਿਤ ਹੈ। ਅਕਾਦਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਸਵਾਗਤੀ ਸ਼ਬਦ ਆਖੇ ਤੇ ਡਾ. ਗੁਰਚਰਨ ਕੌਰ ਕੋਚਰ, ਕੇ. ਸਾਧੂ ਸਿੰਘ ਅਤੇ ਸਹਿਜਪ੍ਰੀਤ ਸਿੰਘ ਮਾਂਗਟ ਨੇ ਸ਼ੋਭਾ ਪੱਤਰ ਪੜ੍ਹੇ।