ਭਿੱਖੀਵਿੰਡ (ਨਰਿੰਦਰ ਸਿੰਘ): ਪੁਲੀਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਅਤੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਤਿਉਹਾਰਾਂ ਦੇ ਦਿਨਾਂ ਵਿੱਚ ਪੰਜਾਬ ਨੂੰ ਦਹਿਲਾਉਣ ਲਈ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭਾਰਤ ਭੇਜੀ ਗਈ ਅਸਲੇ ਦੀ ਵੱਡੀ ਖੇਪ ਰਾਤ ਵੇਲੇ ਬਰਾਮਦ ਕੀਤੀ ਹੈ। ਇਸ ਵਿੱਚ 22 ਵਿਦੇਸ਼ੀ ਪਿਸਤੌਲ, 44 ਮੈਗਜ਼ੀਨ, 100 ਕਾਰਤੂਸ (9ਐੱਮਐੱਮ), ਇਕ ਕਿੱਲੋ ਹੈਰੋਇਨ ਤੇ 72 ਗਰਾਮ ਅਫੀਮ ਸ਼ਾਮਲ ਹੈ।ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਸੁਖਵਿੰਦਰ ਸਿੰਘ ਮਾਨ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਪਾਕਿਸਤਾਨ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਨੇ ਮੰਗਲਵਾਰ ਨੂੰ ਹੀ ਅਲਰਟ ਜਾਰੀ ਕਰ ਦਿੱਤਾ ਸੀ। ਇਸ ਦੌਰਾਨ ਕਾਊਂਟਰ ਇੰਟੈਲੀਜੈਂਸ ਵਿੰਗ ਨੂੰ ਪਤਾ ਲੱਗਿਆ ਸੀ ਕਿ ਡਰੋਨ ਰਾਹੀਂ ਪਾਕਿਸਤਾਨ ਵੱਲੋਂ ਅਸਲੇ ਦੀ ਖੇਪ ਭਾਰਤ ਭੇਜੀ ਗਈ ਹੈ। ਰਾਤ ਵੇਲੇ ਸੈਕਟਰ ਖੇਮਕਰਨ ਦੇ ਬੀਓਪੀ ਟੀ ਬੰਧ ਕੋਲੋਂ ਪਲਾਸਟਿਕ ਦੇ ਬੈਗ ਬਰਾਮਦ ਕੀਤੇ ਗਏ ਸਨ। ਬੀਐੱਸਐੱਫ ਅਤੇ ਕਾਊਂਟਰ ਇੰਟੈਲੀਜੈਂਸ ਦੇ ਅਧਿਕਾਰੀਆਂ ਵੱਲੋਂ ਲਈ ਗਈ ਤਲਾਸ਼ੀ ਦੌਰਾਨ ਬੈਗ ਵਿੱਚੋਂ 9 ਐੱਮਐੱਮ ਦੇ 22 ਵਿਦੇਸ਼ੀ ਪਿਸਤੌਲ, 44 ਮੈਗਜ਼ੀਨਾਂ, 100 ਕਾਰਤੂਸ, ਇਕ ਕਿੱਲੋ ਹੈਰੋਇਨ ਤੇ 72 ਗ੍ਰਾਮ ਅਫੀਮ ਮਿਲੀ। ਇਸ ਤੋਂ ਬਾਅਦ ਬੀਐੱਸਐੱਫ ਅਤੇ ਕਾਊਂਟਰ ਇੰਟੈਲੀਜੈਂਸ ਨੇ ਮਿਲ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਪਾਕਿਸਤਾਨ ਵੱਲੋਂ ਆਏ ਡਰੋਨ ’ਤੇ ਗੋਲੀਬਾਰੀ, ਇਕ ਕਿੱਲੋ ਹੈਰੋਇਨ ਬਰਾਮਦ
ਅੰਮ੍ਰਿਤਸਰ (ਟਨਸ): ਭਾਰਤ-ਪਾਕਿਸਤਾਨ ਦੀ ਸਰਹੱਦ ’ਤੇ ਪਾਕਿਸਤਾਨ ਵੱਲੋਂ ਮੁੜ ਇਕ ਡਰੋਨ ਭਾਰਤ ਵਾਲੇ ਪਾਸੇ ਆਇਆ, ਜਿਸ ’ਤੇ ਬੀਐੱਸਐੱਫ ਦੇ ਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਉਪਰੰਤ ਇਲਾਕੇ ਵਿਚ ਕੀਤੀ ਗਈ ਜਾਂਚ ਦੌਰਾਨ ਬੀਐੱਸਐੱਫ ਨੂੰ ਇਕ ਪੈਕੇਟ ਬਰਾਮਦ ਹੋਇਆ, ਜਿਸ ਵਿੱਚੋਂ ਇਕ ਕਿੱਲੋ ਸੌ ਗ੍ਰਾਮ ਹੈਰੋਇਨ ਮਿਲੀ। ਬੀਐੱਸਐੱਫ ਦੇ ਇਕ ਅਧਿਕਾਰੀ ਨੇ ਦੱਸਿਆ ਕਿ 19 ਤੇ 20 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਡਿਊਟੀ ਦੌਰਾਨ ਬੀਐੱਸਐੱਫ ਦੇ ਜਵਾਨਾਂ ਨੇ ਇਕ ਡਰੋਨ ਦੇਖਿਆ ਜੋ ਕੁਝ ਦੇਰ ਬਾਅਦ ਵਾਪਸ ਮੁੜ ਗਿਆ। ਇਸ ਦੌਰਾਨ ਬੀਐੱਸਐੱਫ ਦੇ ਜਵਾਨਾਂ ਨੇ ਡਰੋਨ ’ਤੇ ਗੋਲੀਆਂ ਵੀ ਚਲਾਈਆਂ।