ਬੀਐੱਚ ਚਾਨਾ
ਸ੍ਰੀ ਆਨੰਦਪੁਰ ਸਾਹਿਬ, 1 ਮਈ
ਇੱਥੋਂ ਦੇ ਇਤਿਹਾਸਕ ਕਿਲਾ ਆਨੰਦਗੜ੍ਹ ਸਾਹਿਬ ਤੋਂ ਪੁਲੀਸ ਨੇ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਅਸਲਾ ਬਰਾਮਦ ਕੀਤਾ ਹੈ। ਸੂਤਰਾਂ ਮੁਤਾਬਕ ਕਿਲਾ ਆਨੰਦਗੜ੍ਹ ਸਾਹਿਬ ਦੀ ਸਰਾਂ ਵਿਚੋਂ 6 ਵੱਡੇ ਹਥਿਆਰ ਵੀ ਮਿਲੇ ਹਨ। ਬਰਾਮਦ ਹਥਿਆਰਾਂ ਵਿੱਚ ਦੋ-ਨਾਲੀ ਬੰਦੂਕ .12 ਬੋਰ, .30 ਬੋਰ ਤੇ .315 ਬੋਰ ਆਦਿ ਸ਼ਾਮਲ ਹਨ।
ਥਾਣਾ ਮੁਖੀ ਸਿਮਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਹਥਿਆਰ ਬਰਾਮਦ ਕੀਤੇ ਗਏ ਹਨ। ਇਨ੍ਹਾਂ ਵਿੱਚ ਲਾਇਸੈਂਸ ਵਾਲਾ ਅਸਲਾ ਵੀ ਸ਼ਾਮਲ ਹੈ, ਜਿਸ ਦੀ ਪੁਲੀਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਪੜਤਾਲ ਤੋਂ ਬਾਅਦ ਹੀ ਖੁਲਾਸੇ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਕਿਲਾ ਆਨੰਦਗੜ੍ਹ ਸਾਹਿਬ ਦੀ ਸਰਾਂ ਦਾ ਸਮੁੱਚਾ ਪ੍ਰਬੰਧ ਕਾਰ ਸੇਵਾ ਵਾਲੇ ਬਾਬਾ ਸੰਤ ਸੁੱਚਾ ਸਿੰਘ ਦੀ ਸਰਪ੍ਰਸਤੀ ਹੇਠ ਚੱਲਦਾ ਹੈ। ਇਸ ਸਬੰਧੀ ਜਦੋਂ ਸੰਤ ਸੁੱਚਾ ਸਿੰਘ ਦੇ ਫ਼ੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੇ ਸੇਵਾਦਾਰ ਨੇ ਕਿਹਾ ਕਿ ਉਹ ਪਾਠ ਕਰ ਰਹੇ ਹਨ ਤੇ ਹਾਲੇ ਗੱਲਬਾਤ ਨਹੀਂ ਕਰ ਸਕਦੇ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਕਿਹਾ ਕਿ ਕਿਲਾ ਆਨੰਦਗੜ੍ਹ ਸਾਹਿਬ ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਿਲਾ ਆਨੰਦਗੜ੍ਹ ਸਾਹਿਬ ਸਰਾਂ ਦਾ ਪ੍ਰਬੰਧ ਸੰਤ ਸੁੱਚਾ ਸਿੰਘ ਕਾਰ ਸੇਵਾ ਵਾਲਿਆਂ ਕੋਲ ਹੈ। ਇਤਿਹਾਸਕ ਕਿਲਾ ਆਨੰਦਗੜ੍ਹ ਸਾਹਿਬ ਤੋਂ ਅਸਲਾ ਮਿਲਣ ਮਗਰੋਂ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਹੈ। ਇਸ ਬਾਰੇ ਪੂਰੀ ਜਾਣਕਾਰੀ ਪੜਤਾਲ ਤੋਂ ਬਾਅਦ ਹੀ ਸਾਹਮਣੇ ਆਵੇਗੀ।