ਪੱਤਰ ਪ੍ਰੇਰਕ
ਅਮਲੋਹ, 28 ਜੂਨ
ਅਮਲੋਹ ਸ਼ਹਿਰ ਦੇ ਵਾਰਡ ਨੰਬਰ-10 ਵਿੱਚ ਕਾਂਗਰਸ ਸਰਕਾਰ ਸਮੇਂ ਬਣੇ ਪਾਰਕ ਦੀ ਹਾਲਤ ਤਰਸਯੋਗ ਹੋਈ ਪਈ ਹੈ। ਇਸ ਪਾਰਕ ਦਾ ਨੀਂਹ ਪੱਥਰ 13 ਅਕਤੂਬਰ 2020 ਨੂੰ ਤਤਕਾਲੀ ਕਾਂਗਰਸੀ ਵਿਧਾਇਕ ਰਣਦੀਪ ਸਿੰਘ ਨਾਭਾ ਨੇ ਰੱਖਿਆ ਸੀ। ਇਸ ਦਾ ਕੰਮ ਪੂਰਾ ਕਰਨ ਲਈ ਲੱਖਾਂ ਰੁਪਏ ਦੀ ਰਾਸ਼ੀ ਨਗਰ ਕੌਂਸਲ ਵੱਲੋਂ ਜਾਰੀ ਕੀਤੀ ਗਈ ਪ੍ਰੰਤੂ ਇਸ ਦੇ ਬਾਵਜੂਦ ਪਾਰਕ ਦਾ ਕੰਮ ਪੂਰਾ ਨਹੀਂ ਹੋਇਆ। ਨਗਰ ਕੌਂਸਲ ਵੱਲੋਂ ਸਬੰਧਤ ਠੇਕੇਦਾਰ ਦੀ ਜਵਾਬਤਲਬੀ ਵੀ ਕੀਤੀ ਗਈ ਪ੍ਰੰਤੂ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ। ਬਾਅਦ ਵਿੱਚ ਵਿਧਾਇਕ ਰਣਦੀਪ ਸਿੰਘ ਨਾਭਾ ਕੈਬਨਿਟ ਮੰਤਰੀ ਬਣ ਗਏ ਅਤੇ ਲੋਕਾਂ ਵੱਲੋਂ ਪਾਰਕ ਸਬੰਧੀ ਕੀਤੀ ਗਈ ਸ਼ਿਕਾਇਤ ਨੂੰ ਮੁੱਖ ਰੱਖਦਿਆਂ ਉਨ੍ਹਾਂ ਕੌਂਸਲ ਨੂੰ ਰਹਿੰਦੇ ਕੰਮ ਲਈ ਆਪਣੇ ਅਖਤਿਆਰੀ ਫੰਡ ਵਿੱਚੋਂ 10 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ। ਇਸ ਦੇ ਬਾਵਜੂਦ ਪਾਰਕ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਆਇਆ। ਇਸ ਵੇਲੇ ਪਾਰਕ ਵਿੱਚ ਤਿੰਨ-ਤਿੰਨ ਫੁੱਟ ਝਾੜੀਆਂ ਤੇ ਲੰਬਾ ਘਾਹ ਖੜ੍ਹਾ ਹੈ ਜਿਸ ਕਾਰਨ ਸੈਰ ਕਰਨ ਵਾਲੇ ਲੋਕ ਡਰਦੇ ਹਨ ਕਿ ਇਸ ਵਿੱਚ ਕੋਈ ਜ਼ਹਿਰੀਲਾ ਕੀੜਾ ਜਾਂ ਸੱਪ ਵਗੈਰਾ ਨਾ ਹੋ ਹੋਵੇ। ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਦੁੱਖ ਪ੍ਰਗਟ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੀ ਕਾਂਗਰਸ ਸਰਕਾਰ ਸਮੇਂ ਪਾਰਕ ਦੇ ਨਿਰਮਾਣ ਲਈ ਦਿੱਤੀ ਗਈ 10 ਲੱਖ ਰੁਪਏ ਦੀ ਰਾਸ਼ੀ ਖਰਚੀ ਨਹੀਂ ਗਈ ਜਿਸ ਕਰ ਕੇ ਲੋਕ ਸੈਰ ਕਰਨ ਤੋਂ ਵੀ ਵਾਂਝੇ ਹਨ। ਜੇਕਰ ਇਹ ਰਾਸ਼ੀ ਖਰਚ ਕੀਤੀ ਜਾਂਦੀ ਅਤੇ ਜ਼ਿੰਮੇਵਾਰਾਂ ਖਿਲਾਫ਼ ਕਾਰਵਾਈ ਹੁੰਦੀ ਤਾਂ ਇਹ ਹਾਲਤ ਨਹੀਂ ਹੋਣੀ ਸੀ।
ਜਲਦੀ ਪਾਰਕ ਦਾ ਨਿਰਮਾਣ ਕਾਰਜ ਸ਼ੁਰੂ ਕਰਾਵਾਂਗੇ: ਈਓ
ਇਸ ਬਾਰੇ ਗੱਲ ਕਰਨ ‘ਤੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਬਲਜਿੰਦਰ ਸਿੰਘ ਨੇ ਮੰਨਿਆ ਕਿ ਪਾਰਕ ਲਈ ਫੰਡ ਪਏ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਪਾਰਕ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।