ਪੱਤਰ ਪ੍ਰੇਰਕ
ਚੰਡੀਗੜ੍ਹ, 19 ਅਪਰੈਲ
108 ਐਂਬੂਲੈਂਸ ਦੇ ਮੁਲਾਜ਼ਮ ਆਪਣੇ ਅਧਿਕਾਰੀਆਂ ਦੇ ਵਤੀਰੇ ਤੋਂ ਕਾਫ਼ੀ ਔਖੇ ਹਨ। 108 ਐਂਬੂਲੈਂਸ ਐਂਪਲਾਈਜ਼ ਐਸੋਸੀਏਸ਼ਨ ਪੰਜਾਬ ਨੇ ਦੋਸ਼ ਲਾਏ ਹਨ ਕਿ ਇਸ ਪ੍ਰਾਜੈਕਟ ਦੇ ਉੱਚ ਅਧਿਕਾਰੀਆਂ ਵੱਲੋਂ ਨਿਗੂਣੀਆਂ ਤਨਖਾਹਾਂ ਉੱਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਬਿਨਾਂ ਕਾਰਨ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਮੁਲਾਜ਼ਮਾਂ ਨੂੰ ਦਫ਼ਤਰ ਬੁਲਾ ਕੇ ਭੱਦੀ ਭਾਸ਼ਾ ਵਿੱਚ ਗੱਲਬਾਤ ਕੀਤੀ ਜਾਂਦੀ ਹੈ। ਜੇਕਰ ਕੋਈ ਮੁਲਾਜ਼ਮ ਥੋੜ੍ਹਾ ਬਹੁਤ ਵਿਰੋਧ ਕਰਦਾ ਹੈ ਤਾਂ ਉਸ ਦੀ ਘਰ ਤੋਂ 200-250 ਕਿਲੋਮੀਟਰ ਦੂਰ ਦੀ ਬਦਲੀ ਕਰ ਦਿੱਤੀ ਜਾਂਦੀ ਹੈ ਜਾਂ ਫਿਰ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ।
ਐਸੋਸੀਏਸ਼ਨ ਦੇ ਆਗੂ ਮਨਪ੍ਰੀਤ ਨਿੱਝਰ ਨੇ ਦੱਸਿਆ ਕਿ ਅਧਿਕਾਰੀਆਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਪਿਛਲੇ ਲੰਮੇ ਸਮੇਂ ਤੋਂ ਮੁਲਾਜ਼ਮਾਂ ਨੂੰ ਹਰ ਵਾਰ 2-3 ਮਹੀਨਿਆਂ ਦੀ ਦੇਰੀ ਨਾਲ ਤਨਖਾਹ ਮਿਲ ਰਹੀ ਹੈ।
ਇਸ ਮਹਿੰਗਾਈ ਦੇ ਯੁੱਗ ਵਿੱਚ ਮੁਲਾਜ਼ਮਾਂ ਨੂੰ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰਨਾ ਪੈਂਦਾ ਹੈ। ਹੁਣ ਕਣਕ ਦੇ ਸੀਜ਼ਨ ਦੌਰਾਨ ਬਹੁਤ ਸਾਰੇ ਮੁਲਾਜ਼ਮਾਂ ਨੇ ਕਣਕ ਖਰੀਦਣੀ ਹੈ, ਆਪਣੇ ਬੱਚਿਆਂ ਦੇ ਸਕੂਲ ਦੀਆਂ ਫ਼ੀਸਾਂ, ਵਰਦੀਆਂ, ਕਿਤਾਬਾਂ ਆਦਿ ਦਾ ਖਰਚਾ ਚੁੱਕਣਾ ਬਹੁਤ ਔਖਾ ਹੋਇਆ ਪਿਆ ਹੈ। ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਕਰੋਨਾ ਮਹਾਮਾਰੀ ਵਿੱਚ ਫਰੰਟ ਲਾਈਨ ’ਤੇ ਕੰਮ ਕਰਨ ਦਾ ਕੋਈ ਵਾਧੂ ਭੱਤਾ ਨਹੀਂ ਦਿੱਤਾ ਗਿਆ। ਸ੍ਰੀ ਨਿੱਝਰ ਨੇ ਪੰਜਾਬ ਸਰਕਾਰ ਤੋਂ ਕੰਪਨੀ ਦੇ ਉੱਚ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਅਤੇ ਕਿਹਾ ਕਿ ਕੱਢੇ ਗਏ ਮੁਲਾਜ਼ਮਾਂ ਨੂੰ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਵੇ ਤੇ ਮੁਲਾਜ਼ਮਾਂ ਦੀਆਂ ਬਣਦੀਆਂ ਤਨਖਾਹਾਂ ਕੰਪਨੀ ਤੋਂ ਜਲਦ ਤੋਂ ਜਲਦ ਰਿਲੀਜ਼ ਕਰਵਾਈਆਂ ਜਾਣ।