ਚਰਨਜੀਤ ਭੁੱਲਰ
ਚੰਡੀਗੜ੍ਹ, 6 ਦਸੰਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਮਰਿੰਦਰ ਤੇ ਬਾਦਲ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ’ਚ ਦੋਸਤਾਨਾ ਮੈਚ ਖੇਡਣਗੇ| ਉਨ੍ਹਾਂ ਕਿਹਾ ਕਿ ਅਮਰਿੰਦਰ ਤੇ ਬਾਦਲ ਆਪਸ ਵਿਚ ਅਖੌਤੀ ਦੁਸ਼ਮਣ-ਦੋਸਤ ਬਣੇ ਹੋਏ ਹਨ ਅਤੇ ਅਗਲੀਆਂ ਚੋਣਾਂ ਵਿਚ ਵੀ ਇੱਕ ਦੂਜੇ ਨੂੰ ਸਿਆਸੀ ਲਾਹਾ ਪਹੁੰਚਾਉਣ ਲਈ ਸੀਟਾਂ ਦੀ ਵਿਵਸਥਾ ਵਿਚ ਰੁੱਝੇ ਹੋਏ ਹਨ| ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਵੀ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਲਈ ਇੱਕ ਦੂਸਰੇ ਦੀ ਸੁਵਿਧਾ ਲਈ ਅਮਰਿੰਦਰ ਤੇ ਬਾਦਲ ਦੋਸਤਾਨਾ ਮੈਚ ਖੇਡਦੇ ਰਹੇ ਹਨ| ਮੁੱਖ ਮੰਤਰੀ ਨੇ ਕਿਹਾ ਕਿ ਅਗਲੀਆਂ ਚੋਣਾਂ ਕਰਕੇ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਲੀਡਰਸ਼ਿਪ ਨੇ ਸਿਰਫ਼ ਸਿਆਸੀ ਫ਼ਾਇਦੇ ਲਈ ਪੰਜਾਬ ਦੇ ਹਿੱਤਾਂ ਦਾ ਅੰਦਰਖਾਤੇ ਨੁਕਸਾਨ ਕੀਤਾ ਹੈ| ਚੰਨੀ ਨੇ ਕਿਹਾ ਕਿ ਇਹ ਤਿੰਨੋਂ ਹੀ ਸੂਬੇ ਦੇ ਹਿੱਤਾਂ ਨੂੰ ਠੇਸ ਪਹੁੰਚਾਉਣ ਲਈ ਘਿਓ-ਖਿਚੜੀ ਸਨ ਅਤੇ ਭਵਿੱਖ ਵਿੱਚ ਵੀ ਆਪਣੇ ਇਸ ਸਿਆਸਤ ਤੋਂ ਪ੍ਰੇਰਿਤ ਏਜੰਡੇ ਨੂੰ ਜਾਰੀ ਰੱਖਣਗੇ| ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵਿਰੋਧੀਆਂ ਦੀ ਕੋਈ ਸਾਜ਼ਿਸ਼ ਕਾਂਗਰਸੀ ਵਰਕਰਾਂ ਦੇ ਉਤਸ਼ਾਹ ਨੂੰ ਘਟਾ ਨਹੀਂ ਸਕੇਗੀ ਅਤੇ ਅਮਰਿੰਦਰ ਦੇ ਕਾਂਗਰਸ ’ਚੋਂ ਲਾਂਭੇ ਹੋਣ ਮਗਰੋਂ ਕਾਂਗਰਸੀ ਵਰਕਰਾਂ ਦੇ ਮੂਡ ਵਿਚ ਵੱਡੀ ਤਬਦੀਲੀ ਆਈ ਹੈ| ਚੰਨੀ ਨੇ ਕਿਹਾ ਕਿ ਆਗਾਮੀ ਚੋਣਾਂ ਵਿਚ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ’ਤੇ ਭਰੋਸਾ ਨਹੀਂ ਕਰਨਗੇ ਕਿਉਂਕਿ ਅਮਰਿੰਦਰ ਸਿੰਘ ਆਪਣੀ ਢਿੱਲੀ ਕਾਰਗੁਜ਼ਾਰੀ ਕਰਕੇ ਲੋਕਾਂ ਤੋਂ ਦੂਰੀ ਬਣਾਈ ਰੱਖਣ ਕਰਕੇ ਆਪਣੀ ਭਰੋਸੇਯੋਗਤਾ ਗੁਆ ਬੈਠੇ ਹਨ| ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੇ ਬਤੌਰ ਮੁੱਖ ਮੰਤਰੀ ਕੁਝ ਨਹੀਂ ਕੀਤਾ ਅਤੇ ਫਾਰਮਹਾਊਸ ਹੀ ਬੈਠੇ ਰਹੇ| ਮੁੱਖ ਮੰਤਰੀ ਨੇ ਪ੍ਰਾਈਵੇਟ ਚੈੱਨਲ ਦੇ ਪ੍ਰੋਗਰਾਮ ਵਿਚ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਨਸ਼ਿਆਂ ਦੇ ਮਾਮਲੇ ਦੀ ਪੜਤਾਲ ਸਹੀ ਲੀਹ ’ਤੇ ਚੱਲ ਰਹੀ ਹੈ ਅਤੇ ਜਲਦੀ ਹੀ ਲੋਕਾਂ ਦੀ ਤਸੱਲੀ ਅਨੁਸਾਰ ਇਨਸਾਫ਼ ਹੋਵੇਗਾ| ਉਨ੍ਹਾਂ ਕਿਹਾ ਕਿ ਇਹ ਮੁੱਦੇ ਬੁਰੀ ਤਰ੍ਹਾਂ ਉਲਝਾਏ ਹੋਏ ਸਨ ਪਰ ਸਰਕਾਰ ਇਨ੍ਹਾਂ ਦੇ ਤਰਕਪੂਰਨ ਅੰਤ ਵੱਲ ਵਧ ਰਹੀ ਹੈ| ਚੰਨੀ ਨੇ ਕੇਜਰੀਵਾਲ ਨੂੰ ਸਲਾਹ ਦਿੱਤੀ ਕਿ ਉਹ ਇਸ ਤੱਥ ਨੂੰ ਭਲੀ-ਭਾਂਤੀ ਜਾਣਦੇ ਹਨ ਕਿ ਉਹ ਇਸ ਸੂਬੇ ਵਿੱਚ ਕਦੇ ਵੀ ਸੱਤਾ ਵਿੱਚ ਨਹੀਂ ਆਉਣਗੇ ਇਸ ਲਈ ਵੱਡੇ-ਵੱਡੇ ਵਾਅਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਆਪਣੀਆਂ ਕੋਝੀਆਂ ਚਾਲਾਂ ਨਾਲ ਮੂਰਖ ਬਣਾਉਣ ਦੀ ਬਜਾਏ ਉਹ ਦਿੱਲੀ ਵਿੱਚ ਆਪਣੀ ਸਰਕਾਰ ’ਤੇ ਜ਼ਿਆਦਾ ਧਿਆਨ ਦੇਣ|
‘ਆਲੋਚਨਾ ਨੂੰ ਹਾਂ-ਪੱਖੀ ਢੰਗ ਨਾਲ ਲੈਂਦਾ ਹਾਂ’
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਵੀ ਕਿਹਾ ਕਿ ਉਹ ਸਰਕਾਰ ਦੀ ਅਗਵਾਈ ਕਰ ਰਹੇ ਹਨ ਜਦੋਂ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਪ੍ਰਧਾਨ ਹਨ ਅਤੇ ਦੋਵਾਂ ਸੰਗਠਨਾਂ ਵਿਚ ਪੂਰੀ ਤਰ੍ਹਾਂ ਇਕਸੁਰਤਾ ਹੈ| ਮੁੱਖ ਮੰਤਰੀ ਚੰਨੀ ਨੇ ਬਿਨਾਂ ਕਿਸੇ ਝਿਜਕ ਦੇ ਕਿਹਾ ਕਿ ਉਹ ਹਮੇਸ਼ਾ ਆਪਣੀ ਆਲੋਚਨਾ ਨੂੰ ਹਾਂ-ਪੱਖੀ ਢੰਗ ਨਾਲ ਹੀ ਲੈਂਦੇ ਹਨ, ਚਾਹੇ ਇਹ ਪਾਰਟੀ ਦੇ ਅੰਦਰੋਂ ਹੋ ਰਹੀ ਹੋਵੇ ਜਾਂ ਬਾਹਰੋਂ| ਉਨ੍ਹਾਂ ਕਿਹਾ ਕਿ ਕੰਮਕਾਜ ਦੇ ਜਮਹੂਰੀ ਢਾਂਚੇ ਵਿੱਚ ਵਿਚਾਰਾਂ ਦਾ ਮਤਭੇਦ ਅਕਸਰ ਹੁੰਦਾ ਹੈ ਅਤੇ ਹਰੇਕ ਨੂੰ ਬਿਨਾਂ ਕਿਸੇ ਪੱਖਪਾਤ ਅਤੇ ਗਲਤ ਭਾਵਨਾ ਦੇ ਇਸ ਦਾ ਸਤਿਕਾਰ ਕਰਨਾ ਚਾਹੀਦਾ ਹੈ।