ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 8 ਜੁਲਾਈ
ਪਿੰਡ ਆਲੋਅਰਖ ਵਿੱਚ ਇੱਕ ਕੈਮੀਕਲ ਫੈਕਟਰੀ ਵੱਲੋਂ ਧਰਤੀ ਵਿੱਚ ਪਾਏ ਗਏ ਕੈਮੀਕਲ ਤਰਲ ਪਦਾਰਥਾਂ ਕਾਰਨ ਕਈ ਕਿਸਾਨਾਂ ਦੀਆਂ ਮੋਟਰਾਂ ’ਚ ਜ਼ਹਿਰੀਲਾ ਪਾਣੀ ਨਿਕਲ ਰਿਹਾ ਹੈ, ਜਿਸ ਨਾਲ ਫ਼ਸਲਾਂ ਬਰਬਾਦ ਹੋ ਰਹੀਆਂ ਹਨ ਤੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਚਮੜੀ ਰੋਗ ਲੱਗ ਰਹੇ ਹਨ।
ਦੱਸਣਯੋਗ ਹੈ ਕਿ ਭਵਾਨੀਗੜ੍ਹ ਬਲਾਕ ਦੇ ਪਿੰਡ ਆਲੋਅਰਖ ਵਿੱਚ 80ਵਿਆਂ ’ਚ ਇਕ ਕੈਮੀਕਲ ਪਲਾਂਟ ਲੱਗਿਆ ਸੀ। ਪਲਾਂਟ ਦੇ ਮਾਲਕ ਫੈਕਟਰੀ ’ਚ ਉਤਪਾਦਨ ਦੌਰਾਨ ਫਾਲਤੂ ਤਰਲ ਪਦਾਰਥਾਂ ਨੂੰ ਜ਼ਮੀਨ ਵਿੱਚ 300 ਫੁੱਟ ਡੂੰਘੇ ਬੋਰ ਕਰਕੇ ਹੇਠਾਂ ਛੱਡ ਦਿੰਦੇ ਸਨ। ਉਸ ਵੇਲੇ ਜ਼ਮੀਨ ਦੇ ਪਾਣੀ ਦਾ ਪੱਧਰ ਉਪਰ ਹੋਣ ਕਾਰਨ ਖੇਤੀ ਮੋਟਰਾਂ ਦਾ ਪਾਣੀ ਠੀਕ ਰਿਹਾ। ਇਹ ਫੈਕਟਰੀ 2006 ਵਿੱਚ ਬੰਦ ਹੋ ਗਈ ਸੀ ਤੇ ਇਸ ਦੇ ਮਾਲਕ ਪ੍ਰਾਪਰਟੀ ਵੇਚ ਕੇ ਕਿਸੇ ਦੂਜੇ ਸੂਬੇ ਵਿੱਚ ਚਲੇ ਗਏ ਸਨ। ਆਲੋਅਰਖ ਦੇ ਪੀੜਤ ਕਿਸਾਨ ਕੁਲਵਿੰਦਰ ਸਿੰਘ, ਅਮ੍ਰਿਤ ਸਿੰਘ ਤੇ ਰਾਜਵੰਤ ਸਿੰਘ ਨੇ ਦੱਸਿਆ ਕਿ ਜਦੋਂ ਇਹ ਫੈਕਟਰੀ ਚਲਦੀ ਸੀ, ਉਸ ਵੇਲੇ ਇਸ ਦਾ ਜ਼ਹਿਰੀਲਾ ਧੂੰਆਂ ਫ਼ਸਲਾਂ ਦਾ ਨੁਕਸਾਨ ਕਰਦਾ ਸੀ ਤੇ ਹੁਣ ਜਦੋਂ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਚਲਾ ਗਿਆ ਹੈ ਤਾਂ ਖੇਤੀ ਮੋਟਰਾਂ ਦੇ ਬੋਰ ਵੀ 300 ਫੁੱਟ ਤੱਕ ਡੂੰਘੇ ਚਲੇ ਗਏ ਹਨ, ਜਿਸ ਕਾਰਨ ਕਈ ਸਾਲਾਂ ਤੋਂ ਮੋਟਰਾਂ ਦਾ ਪਾਣੀ ਸੁਰਖ ਲਾਲ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪਾਣੀ ਨਾਲ ਝੋਨੇ ਅਤੇ ਕਣਕ ਦਾ ਝਾੜ ਬਿਲਕੁੱਲ ਘੱਟ ਗਿਆ ਹੈ ਅਤੇ ਝੋਨਾ ਲਾਉਣ ਵਾਲੇ ਮਜ਼ਦੂਰਾਂ ਦੀ ਚਮੜੀ ’ਤੇ ਭਿਆਨਕ ਲਾਗ ਲੱਗ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਿਹੜਾ ਮਜ਼ਦੂਰ ਇੱਕ ਵਾਰ ਉਨ੍ਹਾਂ ਦੇ ਖੇਤ ਵਿੱਚ ਝੋਨਾ ਲਾਉਣ ਆਉਂਦਾ ਹੈ, ਉਹ ਲਾਗ ਤੋਂ ਡਰਦਾ ਦੁਬਾਰਾ ਕੰਮ ’ਤੇ ਨਹੀਂ ਆਉਂਦਾ। ਇਹ ਪਤਾ ਲੱਗਾ ਹੈ ਕਿ ਕੈਮੀਕਲ ਫੈਕਟਰੀ ਨੇ 2 ਕਰੋੜ ਰੁਪਏ ਜੁਰਮਾਨੇ ਦੀ ਰਕਮ ਵੀ ਅਦਾ ਨਹੀਂ ਕੀਤੀ ਹੈ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੋਵਾਲ, ਹਰਮੇਲ ਸਿੰਘ ਤੁੰਗਾਂ ਤੇ ਗੁਰਦੇਵ ਸਿੰਘ ਆਲੋਅਰਖ ਨੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ।
ਮਾਮਲੇ ਦੀ ਪੜਤਾਲ ਕਰ ਰਹੇ ਹਾਂ: ਐੱਸਡੀਐੱਮ
ਭਵਾਨੀਗੜ੍ਹ ਦੇ ਐੱਸਡੀਐੱਮ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਉਹ ਮੋਟਰਾਂ ਦੇ ਪਾਣੀ ਦੀ ਪੜਤਾਲ ਕਰਵਾ ਰਹੇ ਹਨ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੁਰਮਾਨੇ ਦੀ ਰਕਮ ਬਾਰੇ ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਖੇਤੀਬਾੜੀ ਵਿਭਾਗ ਭਵਾਨੀਗੜ੍ਹ ਦੇ ਏਡੀਓ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਵਿਭਾਗ ਵੱਲੋਂ ਮੋਟਰਾਂ ਦੇ ਪਾਣੀ ਤੇ ਕਿਸਾਨਾਂ ਦੇ ਖੇਤ ਦੀ ਮਿੱਟੀ ਦੇ ਟੈਸਟ ਕਰਵਾ ਰਹੇ ਹਨ।
ਜੁਰਮਾਨਾ ਵਸੂਲਣ ਲਈ ਅਦਾਲਤ ਵਿਚ ਚੱਲ ਰਿਹੈ ਕੇਸ: ਕਰੁਨੇਸ਼
ਨਾਭਾ (ਜੈਸਮੀਨ ਭਾਰਦਵਾਜ): ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਕਰੁਨੇਸ਼ ਗਰਗ ਨੇ ਦੱਸਿਆ ਕਿ ਫੈਕਟਰੀ ਕਈ ਸਾਲਾਂ ਤੋਂ ਬੰਦ ਹੈ ਅਤੇ ਫੈਕਟਰੀ ਨੂੰ ਉਸ ਸਮੇਂ 2 ਕਰੋੜ ਦਾ ਜੁਰਮਾਨਾ ਵੀ ਕੀਤਾ ਗਿਆ ਸੀ, ਜੋ ਅਜੇ ਤੱਕ ਵਸੂਲ ਨਹੀਂ ਹੋਇਆ। ਜੁਰਮਾਨਾ ਵਸੂਲੀ ਲਈ ਕੋਰਟ ਵਿੱਚ ਅਗਲੀ ਪੇਸ਼ੀ 13 ਅਗਸਤ ਨੂੰ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੋਂ ਸਹਿਯੋਗ ਨਾ ਮਿਲਣ ਕਾਰਨ ਉਹ ਪਾਣੀ ਦੀ ਸਫਾਈ ਨਾ ਕਰਵਾ ਸਕੇ। ਮਹਿਕਮੇ ਮੁਤਾਬਕ ਫੈਕਟਰੀ ਤੋਂ ਲਗਪਗ ਛੇ ਕਿੱਲੇ ਦੂਰ ਤੱਕ ਦਾ ਪਾਣੀ ਲਾਲ ਆਉਂਦਾ ਹੈ ਅਤੇ ਲੋਕਾਂ ਨੂੰ ਮੋਟਰ ਦਾ ਇਸਤੇਮਾਲ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।