ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 1 ਜਨਵਰੀ
ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਲੋਕ ਕਾਂਗਰਸ ਪਾਰਟੀ ਅਤੇ ਭਾਜਪਾ ਗੱਠਜੋੜ ਦੇ ਨੁਮਾਇੰਦਿਆਂ ਦੀ ਛੇ ਮੈਂਬਰੀ ਕਮੇਟੀ ਦੀ ਮੀਟਿੰਗ ਭਲਕੇ 2 ਜਨਵਰੀ ਨੂੰ ਹੋਵੇਗੀ, ਜਿਸ ਵਿੱਚ ਗੱਠਜੋੜ ਦੇ ਚੋਣ ਲੜਨ ਵਾਲੇ ਉਮੀਦਵਾਰਾਂ ਬਾਰੇ ਫ਼ੈਸਲਾ ਕੀਤਾ ਜਾਵੇਗਾ। ਉਹ ਅੱਜ ਇੱਥੇ ਨਵੇਂ ਵਰ੍ਹੇ ਦੀ ਆਮਦ ਮੌਕੇ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਨ। ਭਾਜਪਾ ਨਾਲ ਗੱਠਜੋੜ ਬਾਰੇ ਉਨ੍ਹਾਂ ਕਿਹਾ ਕਿ ਜੋ ਪਾਰਟੀ ਪੰਥ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਸਹਿਯੋਗ ਦੇ ਸਕਦੀ ਹੈ, ਉਸ ਨਾਲ ਚੋਣ ਸਮਝੌਤਾ ਕੀਤਾ ਗਿਆ ਹੈ।
ਮੱਥਾ ਟੇਕਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਤਿੰਨਾਂ ਪਾਰਟੀਆਂ ਦੇ ਦੋ-ਦੋ ਨੁਮਾਇੰਦਿਆਂ ਦੀ ਛੇ ਮੈਂਬਰੀ ਕਮੇਟੀ ਬਣਾਈ ਗਈ ਹੈ, ਜਿਸ ਦੀ ਪਲੇਠੀ ਮੀਟਿੰਗ ਭਲਕੇ ਹੋਵੇਗੀ। ਇਸ ਵਿਚ ਚੋਣ ਲੜਨ ਵਾਲੇ ਉਮੀਦਵਾਰਾਂ ਬਾਰੇ ਫ਼ੈਸਲਾ ਕੀਤਾ ਜਾਵੇਗਾ। ਇਹ ਕਮੇਟੀ ਤਹਿ ਕਰੇਗੀ ਕਿ ਕਿਸ ਹਲਕੇ ’ਚੋਂ ਕਿਸ ਪਾਰਟੀ ਦਾ ਉਮੀਦਵਾਰ ਜਿੱਤਣ ਦੀ ਸਮਰੱਥਾ ਰੱਖਦਾ ਹੈ ਅਤੇ ਉਸ ਨੂੰ ਸੀਟ ਦਿੱਤੀ ਜਾਵੇਗੀ। ਇਹ ਕਮੇਟੀ ਹੀ ਚੋਣ ਮਨੋਰਥ ਪੱਤਰ ਵੀ ਤੈਅ ਕਰੇਗੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਕਾਂਗਰਸ ਦੇ ਮੁੱਖ ਮੰਤਰੀ ਸਮੇਤ ਹੋਰ ਆਗੂਆਂ ਵੱਲੋਂ ਵੱਡੇ-ਵੱਡੇ ਐਲਾਨ ਕਰ ਕੇ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ ਪਰ ਉਨ੍ਹਾਂ ਦੀ ਪਾਰਟੀ ਇਸ ਹੱਕ ਵਿਚ ਨਹੀਂ ਹੈ। ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਇਕ ਦੂਜੇ ਖ਼ਿਲਾਫ਼ ਕੀਤੀ ਜਾ ਰਹੀ ਦੂਸ਼ਣਬਾਜੀ ’ਤੇ ਵੀ ਉਨ੍ਹਾਂ ਇਤਰਾਜ਼ ਪ੍ਰਗਟਾਇਆ। ਇਸ ਮੌਕੇ ਉਨ੍ਹਾਂ ਨਾਲ ਬਾਬਾ ਬਲਜੀਤ ਸਿੰਘ ਦਾਦੂਵਾਲ, ਰਣਜੀਤ ਸਿੰਘ ਤਲਵੰਡੀ, ਪਰਮਿੰਦਰ ਸਿੰਘ ਢੀਂਡਸਾ, ਜਸਟਿਸ ਨਿਰਮਲ ਸਿੰਘ (ਸੇਵਾਮੁਕਤ), ਜਗਜੀਤ ਸਿੰਘ ਗਰਚਾ, ਸੁਖਵਿੰਦਰ ਸਿੰਘ ਔਲਖ, ਭਾਈ ਮੋਹਕਮ ਸਿੰਘ ਤੇ ਹੋਰ ਆਗੂ ਹਾਜ਼ਰ ਸਨ।
‘ਮਜੀਠੀਆ ਕੇਸ ਦਾ ਫ਼ੈਸਲਾ ਅਦਾਲਤ ਕਰੇਗੀ’
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਕੇਸ ਬਾਰੇ ਢੀਂਡਸਾ ਨੇ ਕੁਝ ਵੀ ਕਹਿਣ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਇਸ ਦਾ ਫ਼ੈਸਲਾ ਅਦਾਲਤ ਹੀ ਕਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜ ਜਨਵਰੀ ਦੇ ਪੰਜਾਬ ਦੌਰੇ ਮੌਕੇ ਕਿਸਾਨਾਂ ਵੱਲੋਂ ਵਿਰੋਧ ਕਰਨ ਦੇ ਫੈਸਲੇ ਬਾਰੇ ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਦਾ ਫੈਸਲਾ ਹੈ। ਰਣਜੀਤ ਸਿੰਘ ਬ੍ਰਹਮਪੁਰਾ ਦੇ ਪਾਰਟੀ ਛੱਡ ਕੇ ਮੁੜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਸਬੰਧੀ ਪੁੱਛੇ ਕਾਰਨਾਂ ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਬ੍ਰਹਮਪੁਰਾ ਹੀ ਬਿਹਤਰ ਦਸ ਸਕਦੇ ਹਨ।