ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਜੂਨ
ਕਾਂਗਰਸ ਅਤੇ ਅਕਾਲੀ ਦਲ ਉਪਰ ਰਲ਼ੇ ਹੋਣ ਦੇ ਦੋਸ਼ ਲਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਨੇ ਪੰਜਾਬ ਨੂੰ ਰੋਲ ਦਿੱਤਾ ਹੈ, ਜਿਸ ਕਰਕੇ ਇਨ੍ਹਾਂ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ। ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਾਂਗਰਸ ਤੇ ਅਕਾਲੀ ਦਲ ਨੂੰ ਸੱਤਾ ਤੋਂ ਲਾਂਭੇ ਰੱਖਣ ਲਈ ਪੰਜਾਬ ਦੀਆਂ ਸਮੂਹ ਹਮਖਿਆਲੀ ਧਿਰਾਂ ਨੂੰ ਇੱਕ ਪਲੇਟਫਾਰਮ ‘ਤੇ ਇਕੱਠਿਆਂ ਹੋਣ ਦਾ ਸੱਦਾ ਦਿੱਤਾ।
ਸ੍ਰੀ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਸੰਯੁਕਤ ਦਲਿਤ ਅਤੇ ਹਿੰਦੂ ਵਰਗ ਸਮੇਤ ਸਾਰੇ ਵਰਗਾਂ ਨੂੰ ਬਰਾਬਰ ਦੀ ਨੁਮਾਇੰਦਗੀ ਦੇਵੇਗਾ। ਬਸਪਾ ਨਾਲ ਸਮਝੌਤੇ ਨੂੰ ਬਾਦਲ ਦਲ ਦੀ ਮਜਬੂਰੀ ਕਰਾਰ ਦਿੱਤਾ। ਇਸ ਮੌਕੇ ਉਨ੍ਹਾਂ ਨੇ ਜਿੱਥੇ ਦਲਿਤ ਆਗੂਆਂ ਨੂੰ ਸਨਮਾਨਤ ਕੀਤਾ ਉਥੇ ਹੀ ਪਿਛਲੇ ਦਿਨੀਂ ਅਕਾਲੀ ਦਲ ਸੰਯੁਕਤ ਨਾਲ ਜੁੜੇ ਬਾਦਲ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਮਵੀ ਨੂੰ ਵੀ ਸਿਰੋਪਾ ਦਿੱਤਾ। ਇਸ ਮੌਕੇ ਪਾਰਟੀ ਦੇ ਮੁੱਖ ਬੁਲਾਰੇ ਬੀਰਦਵਿੰਦਰ ਸਿੰਘ, ਟਕਸਾਲੀ ਆਗੂ ਗੁਰਬਚਨ ਸਿੰਘ ਬਚੀ, ਸਾਬਕਾ ਚੇਅਰਮੈਨ ਤੇਜਿੰਦਰਪਾਲ ਸੰਧੂ,ਜ਼ਿਲ੍ਹਾ ਪਧਾਨ ਰਣਧੀਰ ਰੱਖੜਾ, ਕਸ਼ਮੀਰ ਮਵੀ, ਰਣਧੀਰ ਸਮੂਰਾਂ, ਸਤਿਗੁਰ ਨਮੋਲ, ਰਣਧੀਰ ਨਲੀਨਾ ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ ਸਮੇਤ ਕਈ ਹੋਰ ਪਾਰਟੀ ਆਗੂ ਮੌਜੂਦ ਸਨ।