ਜਗਮੋਹਨ ਸਿੰਘ
ਰੂਪਨਗਰ, 9 ਸਤੰਬਰ
ਜ਼ਿਲ੍ਹਾ ਰੂਪਨਗਰ ਦੇ ਪਿੰਡ ਬਸੀ ਚਨੌਲੀ ਦੇ ਵਸਨੀਕ ਜਿਪਸਮ ਕਾਰੋਬਾਰੀ ਕੁਲਵਿੰਦਰ ਸਿੰਘ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਕਰਕੇ ਰੂਪਨਗਰ ਦੇ ਵਿਧਾਇਕ ਦਿਨੇਸ਼ ਢੱਢਾ ’ਤੇ ਗੰਭੀਰ ਦੋਸ਼ ਲਗਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੀ ਸ਼ਿਕਾਇਤ ਦੀਆਂ ਕਾਪੀਆਂ ਪੱਤਰਕਾਰਾਂ ਨੂੰ ਦਿੰਦਿਆਂ ਕਾਰੋਬਾਰੀ ਕੁਲਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਉਹ ਪਿਛਲੇ ਲਗਪਗ 5 ਸਾਲਾਂ ਤੋਂ ਹਿਮਾਚਲ ਪ੍ਰਦੇਸ਼ ਦੀਆਂ ਸੀਮਿੰਟ ਫੈਕਟਰੀਆਂ ਵਿੱਚ ਕੱਚੇ ਮਾਲ ਦੇ ਤੌਰ ’ਤੇ ਵਰਤੇ ਜਾਣ ਵਾਲੇ ਜਿਪਸਮ ਨੂੰ ਕਾਹਨਪੁਰ ਖੂਹੀ ਵਿਖੇ ਡੰਪ ਕਰਕੇ ਟਰੱਕਾਂ ਰਾਹੀਂ ਟਰਾਂਸਪੋਰਟ ਕਰਦਾ ਹੈ ਤੇ ਪਿਛਲੇ ਤਿੰਨ ਚਾਰ ਮਹੀਨੇ ਤੋਂ ਹਲਕਾ ਰੂਪਨਗਰ ਦਾ ਵਿਧਾਇਕ ਆਪਣੇ ਇੱਕ ਸਾਥੀ ਗੁਰਚੇਤ ਸਿੰਘ (ਨੰਬਰਦਾਰ ਪਿੰਡ ਸ਼ਾਹਪੁਰ ਬੇਲਾ) ਨਾਲ ਮਿਲ ਕੇ ਉਸ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਗੁਰਚੇਤ ਸਿੰਘ ਨੇ ਬਸੀ ਵਿਖੇ ਫਲਾਈ ਐਸ਼ ਦਾ ਡੰਪ ਆਬਾਦੀ ਦੇ ਬਿਲਕੁਲ ਨੇੜੇ ਲਗਾਇਆ ਹੋਇਆ ਹੈ, ਜਿਸ ਦੀ ਧੂੜ ਤੋਂ ਲੋਕ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ ਅਤੇ ਉਸ ਦੀਆਂ ਓਵਰਲੋਡ ਗੱਡੀਆਂ ਪਾਬੰਦੀ ਦੇ ਬਾਵਜੂਦ ਪੁਲ ਤੋਂ ਗੁਜ਼ਰਦੀਆਂ ਰਹਿੰਦੀਆਂ ਹਨ, ਪਰ ਵਿਧਾਇਕ ਦੀ ਗੁਰਚੇਤ ਸਿੰਘ ਨਾਲ ਸਾਂਝ ਭਿਆਲੀ ਹੋਣ ਕਾਰਨ ਉਹ ਉਸ ਦਾ ਕੰਮ ਕਥਿਤ ਤੌਰ ’ਤੇ ਬੰਦ ਕਰਵਾ ਕੇ ਆਪਣੇ ਸਾਥੀ ਨੂੰ ਲਾਭ ਪਹੁੰਚਾਉਣਾ ਚਾਹੁੰਦੇ ਹਨ। ਕੁਲਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਉਕਤ ਘਟਨਾ ਤੋਂ ਬਾਅਦ ਵਿਧਾਇਕ ਦੇ ਸਾਥੀ ਨੇ ਕਥਿਤ ਜ਼ੋਰ ਜ਼ਬਰਦਸਤੀ ਕਰਦਿਆਂ ਉਸ ਦੇ ਜਿਪਸਮ ਦੇ ਢੇਰ ਉਪਰ ਰਾਖ ਦਾ ਡੰਪ ਲਗਾ ਕੇ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ, ਜਿਸ ਸਬੰਧੀ ਉਸ ਵੱਲੋਂ 23 ਅਗਸਤ ਨੂੰ ਪੁਲੀਸ ਨੂੰ ਕੀਤੀ ਸ਼ਿਕਾਇਤ ਦਾ ਵੀ ਕੋਈ ਅਸਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਅਣਪਛਾਤੇ ਵਿਅਕਤੀ ਉਸ ਨੂੰ ਰਾਹ ਵਿੱਚ ਘੇਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਇਸ ਸਬੰਧੀ ਉਹ 31 ਅਗਸਤ ਨੂੰ ਹਲਕਾ ਵਿਧਾਇਕ ਦਿਨੇਸ਼ ਚੱਢਾ ਕੋਲ ਆਪਣੀ ਫਰਿਆਦ ਲੈ ਕੇ ਗਿਆ, ਪਰ ਵਿਧਾਇਕ ਨੇ ਉਸ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਦੀ ਬਜਾਇ ਉਸ ਨੂੰ ਕਥਿਤ ਤੌਰ ’ਤੇ ਧਮਕਾਇਆ ਕਿ ਤੇ ਕੰਮ ਬੰਦ ਕਰਨ ਦਾ ਦਬਾਅ ਪਾਇਆ। ਇਸ ਸਬੰਧੀ ਹਲਕਾ ਵਿਧਾਇਕ ਦਿਨੇਸ਼ ਚੱਢਾ ਨਾਲ ਵਾਰ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਗੱਲ ਨਾ ਹੋ ਸਕੀ। ਉੱਧਰ ਨੰਬਰਦਾਰ ਗੁਰਚੇਤ ਸਿੰਘ ਭੁੱਲਰ ਨੇ ਕਿਹਾ ਕਿ ਉਹ ਆਪਣੇ ’ਤੇ ਲੱਗੇ ਦੋਸ਼ਾਂ ਦਾ ਜਵਾਬ ਵੱਖਰੇ ਤੌਰ ਤੇ ਪ੍ਰੈੱਸ ਕਾਨਫਰੰਸ ਕਰਕੇ ਸਬੂਤਾਂ ਸਮੇਤ ਦੇਣਗੇ।
ਵਿਧਾਇਕ ਦੇ ਓਐੱਸਡੀ ਨੇ ਦੋਸ਼ ਨਕਾਰੇ
ਵਿਧਾਇਕਂ ਦੇ ਓ.ਐਸ.ਡੀ. ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਉਕਤ ਵਿਅਕਤੀ ਪਹਿਲਾਂ ਵੀ ਸਿਆਸੀ ਵਿਰੋਧੀਆਂ ਨਾਲ ਮਿਲ ਕੇ ਉਨ੍ਹਾਂ ਦੇ ਖਿਲਾਫ ਦੋਸ਼ ਲਗਾਉਂਦਾ ਰਿਹਾ ਹੈ। ਉਨ੍ਹਾਂ ਹਲਕਾ ਵਿਧਾਇਕ ਵੱਲੋਂ ਧਮਕਾਏ ਜਾਣ ਦੀ ਗੱਲ ਨੂੰ ਕੋਰਾ ਝੂਠ ਦਾ ਪੁਲੰਦਾ ਦੱਸਿਆ।