ਰਵੇਲ ਸਿੰਘ ਭਿੰਡਰ
ਪਟਿਆਲਾ, 1 ਦਸੰਬਰ
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਇੱਥੇ ਆਖਿਆ ਕਿ ਰਾਜਧਾਨੀ ਦਿੱਲੀ ਵਿੱਚ ਚੱਲ ਰਿਹਾ ਕਿਸਾਨ ਸੰਘਰਸ਼ ਸਿੱਖ ਕਿਸਾਨਾਂ ਜਾਂ ਪੰਜਾਬ ਦੇ ਕਿਸਾਨਾਂ ਦਾ ਨਹੀਂ ਸਗੋਂ ਪੂਰੇ ਦੇਸ਼ ਦੇ ਕਿਸਾਨਾਂ ਦਾ ਹੈ। ਇਸ ’ਤੇ ਕਿਸੇ ਵੱਲੋਂ ਖਾਲਿਸਤਾਨੀ ਜਾਂ ਕਿਸੇ ਫਿਰਕਾਪ੍ਰਸਤੀ ਦਾ ਠੱਪਾ ਲਾਉਣਾ ਬਿਲਕੁਲ ਗ਼ਲਤ ਹੈ। ਉਹ ਇੱਥੇ ਗੁਰਮਤਿ ਕਾਲਜ ਦੇ ਇੱਕ ਪ੍ਰੋਗਰਾਮ ’ਚ ਸ਼ਿਰਕਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਨੂੰ ਵਿਵਾਦਿਤ ਖੇਤੀ ਕਾਨੂੰਨ ਰੱਦ ਕਰਨ ਦੀ ਗੁਜ਼ਾਰਿਸ਼ ਕਰਦਿਆਂ ਆਖਿਆ ਕਿ ਪੇਚੀਦਾ ਹੋ ਰਹੇ ਮਾਮਲੇ ’ਤੇ ਕੇਂਦਰ ਨੂੰ ਕਿਸਾਨਾਂ ਨਾਲ ਸੁਹਿਰਦਤਾ ਨਾਲ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿੱਧ ਤੌਰ ’ਤੇ ਦੇਸ਼ ਦੇ ਅੰਨਦਾਤਾ ਨਾਲ ਜੁੜਿਆ ਹੋਣ ਕਰਕੇ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਨ੍ਹਾਂ ਕਿਸਾਨੀ ਸੰਘਰਸ਼ ਸਬੰਧੀ ਕੇਂਦਰ ਸਰਕਾਰ ਨੂੰ ‘ਸਰਕਾਰ ਗੂੰਗੀ ਹੈ’ ਆਖ ਕੇ ਨਾਕਾਰਾਤਮਕ ਰਵੱਈਆ ਛੱਡਣਾ ਦੀ ਅਪੀਲ ਕੀਤੀ। ਉਨ੍ਹਾਂ ਸਪੱਸ਼ਟ ਕਿਹਾ ਕਿ ਅਕਾਲ ਤਖ਼ਤ ਕਿਸਾਨ ਸੰਘਰਸ਼ ਦੀ ਫ਼ਤਹਿ ਚਾਹੁੰਦਾ ਹੈ।