ਪੱਤਰ ਪ੍ਰੇਰਕ
ਮਾਨਸਾ, 28 ਮਈ
ਪੰਜਾਬ ਵਿਚ ਗਰਮੀ ਮੁੜ ਵਧਣ ਤੋਂ ਬਾਅਦ ਤਾਪਘਰਾਂ ਦਾ ਬਿਜਲੀ ਉਤਪਾਦਨ ਤਸੱਲੀਬਖਸ਼ ਨਹੀਂ ਰਿਹਾ। ਗੁਰੂ ਹਰਗੋਬਿੰਦ ਲਹਿਰਾ ਮੁਹੱਬਤ ਦੇ ਸਾਰੇ ਯੂਨਿਟ ਅੱਜ ਜਵਾਬ ਦੇ ਗਏ। ਇਹ ਤਾਪਘਰ 920 ਮੈਗਾਵਾਟ ਦਾ ਹੈ ਅਤੇ ਬੀਤੇ ਕੱਲ੍ਹ ਤੱਕ ਇਸ ਦੇ ਤਿੰਨ ਯੂਨਿਟ ਬੰਦ ਸਨ, ਜਦੋਂ ਕਿ ਇੱਕ ਯੂਨਿਟ 183 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਸੀ ਪਰ ਅੱਜ ਉਹ ਵੀ ਬੰਦ ਹੋ ਗਿਆ। ਇੱਕ ਤਾਪਘਰ ਦੇ ਪ੍ਰਬੰਧਕ ਨੇ ਖੁਲਾਸਾ ਕੀਤਾ ਕਿ ਰਾਜ ਵਿੱਚ ਸਾਰੇ ਤਾਪਘਰਾਂ ਨੂੰ ਕੋਲੇ ਦੀ ਪੂਰੀ ਸਪਲਾਈ ਨਹੀਂ ਮਿਲ ਰਹੀ, ਤਲਵੰਡੀ ਸਾਬੋ ਤਾਪਘਰ ਕੋਲ ਸਿਰਫ਼ 5 ਦਿਨ ਦਾ ਕੋਲਾ ਹੀ ਬਚਿਆ ਹੈ। ਬਣਾਂਵਾਲਾ ਦੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਦਾ ਅੱਜ ਯੂਨਿਟ ਨੰਬਰ-1 ਖੜ੍ਹ ਗਿਆ, ਇਹ 604 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਸੀ ਪਰ ਪਰਸੋਂ ਤੋਂ ਬੰਦ ਚੱਲੇ ਆ ਰਹੇ ਯੂਨਿਟ (ਨੰਬਰ-3) ਨੇ ਬਿਜਲੀ ਉਤਪਾਦਨ ਕਰਨਾ ਆਰੰਭ ਕਰ ਦਿੱਤਾ ਹੈ। ਇਸ ਤਾਪਘਰ ਦੇ ਯੂਨਿਟ ਨੰਬਰ-2 ਵੱਲੋਂ ਸਿਰਫ਼ 313 ਮੈਗਾਵਾਟ ਅਤੇ ਯੂਨਿਟ ਨੰਬਰ-3 ਵੱਲੋਂ 318 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। 1980 ਮੈਗਾਵਾਟ ਦੀ ਸਮਰੱਥਾ ਵਾਲੇ ਇਸ ਤਾਪਘਰ ਵੱਲੋਂ ਅੱਜ ਸਿਰਫ਼ 631 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਐਲ ਐਂਡ ਟੀ ਰਾਜਪੁਰਾ ਤਾਪਘਰ ਵੱਲੋਂ ਅੱਜ ਸ਼ਾਮ ਨੂੰ ਸਿਰਫ਼ 673 ਮੈਗਾਵਾਟ ਬਿਜਲੀ ਪੈਦਾਵਾਰ ਕੀਤੀ ਗਈ, ਜਦੋਂ ਕਿ ਇਸ ਤਾਪਘਰ ਦੀ ਸਮਰੱਥਾ 1400 ਮੈਗਾਵਾਟ ਹੈ। ਇਸੇ ਤਰ੍ਹਾਂ 540 ਮੈਗਾਵਾਟ ਦੀ ਸਮਰੱਥਾ ਵਾਲੇ ਜੀ.ਵੀ.ਕੇ ਗੋਇੰਦਵਾਲ ਤਾਪਘਰ ਵੱਲੋਂ ਭਾਵੇਂ ਕੱਲ੍ਹ 474 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ ਸੀ ਪਰ ਅੱਜ ਸਿਰਫ 294 ਮੈਗਾਵਾਟ ਹੀ ਬਿਜਲੀ ਪੈਦਾ ਕੀਤੀ ਗਈ। ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਯੂਨਿਟ-5 ਤੋਂ 153, ਯੂਨਿਟ-6 ਵੱਲੋਂ 146 ਮੈਗਾਵਾਟ ਬਿਜਲੀ ਪੈਦਾਵਾਰ ਕੀਤੀ ਗਈ। ਇਸ ਤਾਪ ਘਰ ਦੀ ਕੁੱਲ ਸਮਰੱਥਾ 840 ਮੈਗਾਵਾਟ ਹੈ।