ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 31 ਜਨਵਰੀ
ਲੁਧਿਆਣਾ ਦੇ ਤਿੰਨ ਸ਼ਹਿਰੀ ਹਲਕਿਆਂ ’ਤੇ ਹੁਣ ਕੈਪਟਨ ਅਮਰਿੰਦਰ ਦੇ ਉਮੀਦਵਾਰ ਭਾਜਪਾ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ’ਤੇ ਚੋਣ ਲੜਨਗੇ। ਇੰਨਾ ਹੀ ਨਹੀਂ ਦੋ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਖੁਦ ਭਰਵਾਈਆਂ। ਇਸ ਮੌਕੇ ਕੇਂਦਰੀ ਮੰਤਰੀ ਸਭ ਪਾਸੇ ਇਹ ਕਹਿੰਦੀ ਨਜ਼ਰ ਆਈ ਕਿ ਇਹ ਭਾਜਪਾ ਦੇ ਹੀ ਉਮੀਦਵਾਰ ਹਨ। ਲੁਧਿਆਣਾ ਤੋਂ ਪੰਜਾਬ ਲੋਕ ਕਾਂਗਰਸ ਪਾਰਟੀ ਨੇ ਹਲਕਾ ਪੂਰਬੀ ਤੋਂ ਜਗਮੋਹਨ ਸ਼ਰਮਾ, ਹਲਕਾ ਆਤਮ ਨਗਰ ਤੋਂ ਪ੍ਰੇਮ ਮਿੱਤਲ ਤੇ ਹਲਕਾ ਦੱਖਣੀ ਤੋਂ ਸਤਿੰਦਰ ਪਾਲ ਸਿੰਘ ਤਾਜਪੁਰੀ ਨੂੰ ਉਮੀਦਵਾਰ ਐਲਾਨਿਆ ਸੀ। ਇਸ ਦੇ ਨਾਲ ਹੀ ਕੈਪਟਨ ਚਾਹੁੰਦੇ ਸਨ ਕਿ ਸਾਰੇ ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ ਹਾਕੀ ਤੇ ਗੇਂਦ ’ਤੇ ਚੋਣ ਲੜਨ। ਸਾਲ 2017 ਵਿੱਚ ਕਾਂਗਰਸ ਨੇ ‘ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ’ ਨਾਅਰੇ ਹੇਠ ਚੋਣ ਲੜੀ ਸੀ ਪਰ ਇਸ ਵਾਰ ਕਾਂਗਰਸ ਵੱਲੋਂ ਵੱਖ ਹੋ ਕੇ ਆਪਣੀ ਪਾਰਟੀ ਬਣਾ ਕੇ ਕੈਪਟਨ ਅਮਰਿੰਦਰ ਸਿੰਘ 36 ਸੀਟਾਂ ’ਤੇ ਚੋਣ ਤਾਂ ਲੜ ਰਹੇ ਹਨ ਪਰ ਚੋਣ ਮੈਦਾਨ ਵਿੱਚ ਕੈਪਟਨ ਦੀ ਚਰਚਾ ਸਿਰਫ਼ ਪੋਸਟਰਾਂ ਤੱਕ ਹੀ ਰਹਿ ਗਈ ਹੈ। ਕੈਪਟਨ ਦੇ ਹੀ ਉਮੀਦਵਾਰ ਕੈਪਟਨ ਦੀ ਪਾਰਟੀ ਦੀ ਬਜਾਏ ਭਾਜਪਾ ਨੂੰ ਅੱਗੇ ਰੱਖ ਰਹੇ ਹਨ। ਮੰਗਲਵਾਰ ਨੂੰ ਪੰਜਾਬ ਲੋਕ ਕਾਂਗਰਸ ਦੇ ਲਗਪਗ ਸਾਰੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਇਸ ਲਈ ਖਾਸ ਤੌਰ ’ਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਮੰਤਰੀ ਤੇ ਲੁਧਿਆਣਾ ਦੀ ਇੰਚਾਰਜ ਮੀਨਾਕਸ਼ੀ ਲੇਖੀ ਪੁੱਜੀ ਹੋਈ ਸੀ। ਉਨ੍ਹਾਂ ਨਵੇ ਜਗਮੋਹਨ ਸ਼ਰਮਾ, ਪ੍ਰੇਮ ਮਿੱਤਲ ਤੇ ਸਤਵਿੰਦਰ ਸਿੰਘ ਤਾਜਪੁਰੀ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ।