ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 26 ਅਗਸਤ
ਅੱਜ ਦੋਰਾਹਾ ਵਿੱਚ ਕੌਮੀ ਮਾਰਗ ’ਤੇ ਦੋ ਟਰੱਕਾਂ ਵਿਚਾਲੇ ਟੱਕਰ ਵਿਚ ਦੋ ਔਰਤਾਂ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਔਰਤਾਂ ਸਮੇਤ 7 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਟਰੱਕ ਐੱਚਆਰ 58-ਏ, 4024 ਮੁੱਜ਼ਫਰਨਗਰ (ਯੂਪੀ) ਤੋਂ ਭੱਠਾ ਮਜ਼ਦੂਰਾਂ, ਜਿਸ ਵਿਚ 7 ਔਰਤਾਂ ਅਤੇ 8-9 ਮਰਦ ਸਨ, ਨੂੰ ਲੈ ਕੇ ਮੋਗੇ ਨੇੜੇ ਭੱਠੇ ‘ਤੇ ਜਾ ਰਿਹਾ ਸੀ। ਇਹ ਜਦੋਂ ਦੱਖਣੀ ਬਾਈਪਾਸ ਵੱਲ ਦੋਰਾਹੇ ਤੋਂ ਮੁੜਣ ਲੱਗਾ ਤਾਂ ਰਾਜਵੰਤ ਹਸਪਤਾਲ ਦੇ ਐੱਨ ਸਾਹਮਣੇ ਪਿਛੋਂ ਪਲਾਈ ਸ਼ੀਟਾਂ ਨਾਲ ਭਰਿਆ ਟਰੱਕ ਐੱਚਆਰ56 ਐੱਸ 6417 ਉਸ ਦੇ ਪਿੱਛੇ ਵੱਜਿਆ। ਦੋਵੇਂ ਟਰੱਕ ਜਰਨੈਲੀ ਸੜਕ ‘ਤੇ ਉਲਟ ਗਏ। ਪਿਛੋਂ ਵਜੇ ਟਰੱਕ ਦੇ ਕਲੀਨਰ ਸੁਨੀਲ ਦੀ ਮੌਕੇ ‘ਤੇ ਮੌਤ ਹੋ ਗਈ, ਜਦੋਂ ਕਿ ਅਗਲੇ ਟਰੱਕ ਵਿਚ ਸਵਾਰ ਭੱਠੇ ‘ਤੇ ਕੰਮ ਕਰਨ ਵਾਲੀਆਂ ਦੋ ਔਰਤਾਂ ਕਾਜਲ ਪਤਨੀ ਮੁਕੇਸ਼ ਵਾਸੀ ਮੇਰਠ ਅਤੇ ਬਾਲਾ ਪਤਨੀ ਰਾਜਿੰਦਰ ਦੀ ਮੌਕੇ ‘ਤੇ ਮੌਤ ਹੋ ਗਈ।ਟਰੱਕ ਵਿਚ ਸਵਾਰ ਬਾਕੀ ਚਾਰ ਔਰਤਾਂ ਅਤੇ ਤਿੰਨ ਵਿਅਕਤੀ ਗੰਭੀਰ ਜਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਤਿੰਨ ਦੀ ਹਾਲਤ ਨਾਜ਼ੁਕ ਹੈ। ਇਸ ਦੌਰਾਨ ਸੜਕ ‘ਤੇ ਜਾਮ ਲੱਗ ਗਿਆ।