ਸੁਰਜੀਤ ਮਜਾਰੀ
ਬੰਗਾ, 27 ਜਨਵਰੀ
ਇਸ ਹਲਕੇ ਤੋਂ ਸਿਆਸੀ ਪਾਰਟੀਆਂ ਵੱਲੋਂ ਚੋਣ ਲੜ ਰਹੇ ਸਾਰੇ ਉਮੀਦਵਾਰ ਆਪੋ-ਆਪਣਾ ਦਲ ਬਦਲ ਚੁੱਕੇ ਹਨ। ਕਈ ਜੱਦੀ ਪਾਰਟੀ ਤੋਂ ਬਾਗ਼ੀ ਹੋ ਕੇ ਦੂਜੀਆਂ ਪਾਰਟੀਆਂ ਦੇ ਹੋ ਗਏ ਅਤੇ ਕਈ ਬੇਗ਼ਾਨੀਆਂ ਧਿਰਾਂ ’ਚ ਦਿਲ ਨਾ ਲੱਗਣ ਕਾਰਨ ਵਾਪਸ ਵੀ ਆਏ ਹਨ। ਇਨ੍ਹਾਂ ਵਿੱਚ ਪਹਿਲੀਆਂ ਪਾਰਟੀਆਂ ਵੱਲੋਂ ਦੋ-ਦੋ ਵਾਰ ਵਿਧਾਇਕ ਬਣ ਕੇ ਦੂਜੇ ਪਾਸੇ ਗੰਢਤੁਪ ਕਰਨ ਵਾਲੇ ਵੀ ਸ਼ਾਮਲ ਹਨ। ਪਾਰਟੀ ਬਦਲਣ ਵਾਲਿਆਂ ਦੀ ਕਤਾਰ ’ਚ ਕਾਂਗਰਸ ਪਾਰਟੀ ਦੇ ਚੌਧਰੀ ਤਰਲੋਚਨ ਸਿੰਘ ਸੂੰਢ, ਭਾਰਤੀ ਜਨਤਾ ਪਾਰਟੀ ਦੇ ਚੌਧਰੀ ਮੋਹਣ ਲਾਲ ਬਹਿਰਾਮ, ਸ਼੍ਰੋਮਣੀ ਅਕਾਲੀ ਦਲ ਦੇ ਡਾ. ਸੁਖਵਿੰਦਰ ਕੁਮਾਰ ਸੁੱਖੀ, ਆਮ ਆਦਮੀ ਪਾਰਟੀ ਦੇ ਕੁਲਜੀਤ ਸਿੰਘ ਸਰਹਾਲ ਅਤੇ ਸੰਯੁਕਤ ਸਮਾਜ ਮੋਰਚਾ ਦੇ ਰਾਜ ਕੁਮਾਰ ਮਾਹਲ ਸ਼ਾਮਲ ਹਨ। ਚੌਧਰੀ ਤਰਲੋਚਨ ਸਿੰਘ ਸੂੰਢ ਇੱਥੋਂ ਦੋ ਵਾਰ ਕਾਂਗਰਸ ਦੇ ਵਿਧਾਇਕ ਬਣੇ ਅਤੇ ਬਾਅਦ ’ਚ ਬਾਗੀ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁੱਕੇੇ ਹਨ। ਪਿਛਲੀਆਂ ਚੋਣਾਂ ’ਚ ਕਰਾਰੀ ਹਾਰ ਤੋਂ ਬਾਅਦ ਉਹ ਮੁੜ ਕਾਂਗਰਸ ’ਚ ਪਰਤ ਆਏ ਸਨ ਅਤੇ ਹੁਣ ਉਹ ਮੁੜ ਕਾਂਗਰਸ ਵੱਲੋਂ ਉਮੀਦਵਾਰ ਬਣ ਕੇ ਚੋਣ ਮੈਦਾਨ ਵਿੱਚ ਹਨ। ਭਾਜਪਾ ਵੱਲੋਂ ਉਮੀਦਵਾਰ ਬਣਾਏ ਗਏ ਚੌਧਰੀ ਮੋਹਣ ਲਾਲ ਬਹਿਰਾਮ ਵੀ ਪਹਿਲਾਂ ਇੱਥੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੋ ਵਾਰ ਵਿਧਾਇਕ ਰਹੇ ਹਨ। ਜੱਦੀ ਪਾਰਟੀ ਨਾਲੋਂ ਤੋੜ ਵਿਛੋੜਾ ਕਰਨ ਤੋਂ ਬਾਅਦ ਉਹ ਬਹੁਜਨ ਸਮਾਜ ਪਾਰਟੀ ਅਤੇ ਕਾਂਗਰਸ ਵਿੱਚ ਵੀ ਜਾ ਆਏ ਹਨ। ਦਲ ਬਦਲੀ ਦੇ ਇਸ ਸਿਲਸਿਲੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਪਹਿਲਾਂ ਬਹੁਜਨ ਸਮਾਜ ਪਾਰਟੀ ’ਚ ਹੁੰਦੇ ਸਨ। ਬਸਪਾ ਵੱਲੋਂ ਉਹ ਲੋਕ ਸਭਾ ਚੋਣ ਵੀ ਲੜੇ ਅਤੇ ਪਿਛਲੀ ਵਾਰ ਉਹ ਇੱਥੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਇਕ ਬਣੇ ਸਨ। ਇਵੇਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਜੀਤ ਸਿੰਘ ਸਰਹਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਸਨ। ਇਸ ਵਾਰ ਉਹ ਦਲ ਬਦਲ ਕੇ ‘ਆਪ’ ’ਚ ਜਾ ਰਲੇ ਹਨ। ਸੰਯੁਕਤ ਸਮਾਜ ਮੋਰਚਾ ਵੱਲੋਂ ਐਲਾਨੇ ਉਮੀਦਵਾਰ ਰਾਜ ਕੁਮਾਰ ਮਾਹਲ ਇੱਥੋਂ ਆਮ ਆਦਮੀ ਪਾਰਟੀ ਦੇ ਦਾਅਵੇਦਾਰ ਸਨ। ‘ਆਪ’ ਵੱਲੋਂ ਟਿਕਟ ਨਾ ਮਿਲਣ ਦੇ ਰੋਸ ਵਜੋਂ ਉਨ੍ਹਾਂ ਨੇ ਵੀ ‘ਆਪ’ ਨੂੰ ਅਲਵਿਦਾ ਆਖ ਦਿੱਤਾ ਹੈ।