ਨਿੱਜੀ ਪੱਤਰ ਪ੍ਰੇਰਕ
ਧੂਰੀ, 19 ਅਪਰੈਲ
ਪੰਜਾਬੀ ਦੇ ਸਰਬਾਂਗੀ ਲੇਖਕ, ਸਾਹਿਤ ਸਭਾ ਧੂਰੀ ਦੇ ਸਾਬਕਾ ਪ੍ਰਧਾਨ ਅਤੇ ਸੇਵਾਮੁਕਤ ਪੰਜਾਬੀ ਲੈਕਚਰਾਰ ਰਣਜੀਤ ਸਿੰਘ ਕਾਂਝਲਾ ਦੀ ਮਾਂ ਬੋਲੀ ਪੰਜਾਬੀ, ਪੰਜਾਬ ਤੇ ਪੰਜਾਬੀਅਤ ਦੀ ਪ੍ਰਫੁੱਲਤਾ ਲਈ ਪਿਛਲੇ ਲਗਪਗ ਪੰਜ ਦਹਾਕਿਆਂ ਤੋਂ ਪਾਏ ਜਾ ਰਹੇ ਯੋਗਦਾਨ ਬਦਲੇ ਗਿਆਨੀ ਦਿੱਤ ਸਿੰਘ ਮੈਮੋਰੀਅਲ ਅੰਤਰਰਾਸ਼ਟਰੀ ਸੁਸਾਇਟੀ ਅਤੇ ਅਦਾਰਾ ਭਾਈ ਦਿੱਤ ਸਿੰਘ ਪੱਤ੍ਰਿਕਾ ਵੱਲੋਂ ਫਖਰ-ਏ-ਕੌਮ ਗਿਆਨੀ ਦਿੱਤ ਸਿੰਘ ਐਵਾਰਡ ਲਈ ਚੋਣ ਕੀਤੀ ਗਈ ਹੈ। ਸ੍ਰੀ ਕਾਂਝਲਾ ਨੂੰ ਇਹ ਸਨਮਾਨ ਗਿਆਨੀ ਦਿੱਤ ਸਿੰਘ ਦੇ 173ਵੇਂ ਜਨਮ ਦਿਨ ਮੌਕੇ ਉਨ੍ਹਾਂ ਦੇ ਪਿੱਤਰੀ ਪਿੰਡ ਨੰਦਪੁਰ (ਕਲੌੜ) ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ 21 ਅਪਰੈਲ ਨੂੰ ਕਰਵਾਏ ਜਾ ਰਹੇ ਸਮਾਰੋਹ ਮੌਕੇ ਦਿੱਤਾ ਜਾਵੇਗਾ। ਇਹ ਐਵਾਰਡ ਹੁਣ ਤੱਕ ਉੱਘੇ ਸਿੱਖ ਵਿਦਵਾਨ ਸਾਹਿਤਕਾਰ ਡਾ. ਇੰਦਰਜੀਤ ਸਿੰਘ ਗੋਗੋਆਣੀ, ਪ੍ਰਸਿੱਧ ਕਲਮਕਾਰ ਕਰਨੈਲ ਸਿੰਘ ਸੋਮਲ ਤੇ ਉੱਘੇ ਪ੍ਰਚਾਰਕ ਜਥੇਦਾਰ ਬਖਸ਼ੀਸ ਸਿੰਘ ਵਾਸੀ ਨੂੰ ਦਿੱਤਾ ਗਿਆ ਹੈ।