ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ/ਖੇਤਰੀ ਪ੍ਰਤੀਨਿਧ
ਭਵਾਨੀਗੜ੍ਹ/ਸੰਗਰੂਰ/ਧੂਰੀ, 20 ਜੂਨ
ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਵਿੱਚ ਖੜ੍ਹੇ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਅੱਜ ਭਵਾਨੀਗੜ੍ਹ, ਸੰਗਰੂਰ ਅਤੇ ਧੂਰੀ ਵਿੱਚ ਰੋਡ ਸ਼ੋਅ ਕੱਢਿਆ ਗਿਆ। ਪਿੰਡ ਚੰਨੋਂ ਤੋਂ ਸ਼ੁਰੂ ਹੋਇਆ ਰੋਡ ਸ਼ੋਅ ਵੱਖ-ਵੱਖ ਪਿੰਡਾਂ ’ਚੋਂ ਹੁੰਦਾ ਹੋਇਆ ਸੰਗਰੂਰ ਅਤੇ ਮਗਰੋਂ ਮੰਗਵਾਲ, ਲੱਡਾ ਹੁੰਦਾ ਹੋਇਆ ਅੱਗੇ ਧੂਰੀ ਪੁੱਜਿਆ। ਭਵਾਨੀਗੜ੍ਹ ਵਿੱਚ ਸ੍ਰੀ ਮਾਨ ਨੇ ਕਿਹਾ ਕਿ ਉਹ ਹਮੇਸ਼ਾਂ ਪੰਥ ਅਤੇ ਪੰਜਾਬ ਦੇ ਹਿੱਤਾਂ ਲਈ ਜੂਝਦੇ ਆ ਰਹੇ ਹਨ। ਸਰਕਾਰਾਂ ਦੇ ਜ਼ੁਲਮ ਅਤੇ ਪੰਥ ਦੇ ਦੋਖੀ ਉਨ੍ਹਾਂ ਨੂੰ ਇਸ ਕਾਰਜ ਤੋਂ ਕਦੇ ਪਿੱਛੇ ਨਹੀਂ ਹਟਾ ਸਕੇ। ਉੁਨ੍ਹਾਂ ਕਿਹਾ ਕਿ ਅੱਜ ਜਦੋਂ ਕਾਂਗਰਸ, ਭਾਜਪਾ ਅਤੇ ‘ਆਪ’ ਪੰਜਾਬ ਤੇ ਪੰਥ ਨੂੰ ਖ਼ਤਮ ਕਰਨ ’ਤੇ ਤੁਲੀਆਂ ਹੋਈਆਂ ਹਨ ਤਾਂ ਬਾਦਲ ਦਲ ਪੰਥਕ ਏਕਤਾ ਵਿੱਚ ਤਰੇੜਾਂ ਪਾ ਕੇ ਕੇਂਦਰ ਦੇ ਪਿੱਠੂ ਹੋਣ ਦਾ ਰੋਲ ਨਿਭਾਅ ਰਿਹਾ ਹੈ। ਸੰਗਰੂਰ ਵਿੱਚ ਸੰਬੋਧਨ ਕਰਦਿਆਂ ਸ੍ਰੀ ਮਾਨ ਨੇ ਕਿਹਾ ਕਿ ਉਹ ਪੰਜਾਬ ਦੀ ਅਮਨ-ਸ਼ਾਂਤੀ, ਖੁਸ਼ਹਾਲੀ ਤੇ ਤਰੱਕੀ ਨੂੰ ਮੁੱਖ ਰੱਖ ਕੇ ਭਾਈਚਾਰਕ ਸਾਂਝੀਵਾਲਤਾ ਦਾ ਸੁਨੇਹੇ ਲੈ ਕੇ ਚੱਲੇ ਹਨ। ਉਨ੍ਹਾਂ ਦਾ ਉਦੇਸ਼ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੀ ਖੁਸ਼ਹਾਲੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਲਈ ਰੁਜ਼ਗਾਰ ਦੇ ਵਸੀਲੇ ਪੈਦਾ ਕਰਨੇ ਉਨ੍ਹਾਂ ਦਾ ਮੁੱਖ ਟੀਚਾ ਹੈ। ਇਸੇ ਤਰ੍ਹਾਂ ਧੂਰੀ ਵਿੱਚ ਰੋਡ ਸ਼ੋਅ ਦੌਰਾਨ ਮਾਨ ਨੇ ਕਿਹਾ ਕਿ ਲੋਕਾਂ ਵੱਲੋਂ ਉਨ੍ਹਾਂ ਨੂੰ ਭਰਵਾਂ ਸਮਰਥਨ ਦਿੱਤਾ ਜਾ ਰਿਹਾ ਹੈ ਅਤੇ ਉਹ ਲੋਕਾਂ ਦੇ ਸਹਿਯੋਗ ਸਦਕਾ ਸੰਗਰੂਰ ਹਲਕੇ ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ।