ਪੱਤਰ ਪ੍ਰੇਰਕ
ਮਾਨਸਰ, 31 ਅਗਸਤ
ਅੱਜ ਕੁਲ ਹਿੰਦ ਕਿਸਾਨ ਸਭਾ ਵੱਲੋਂ ਭੰਗਾਲਾ ਦੇ ਬਜ਼ਾਰਾਂ ਵਿੱਚ ਰੋਸ ਮਾਰਚ ਕਰਦਿਆਂ ਪੁਲੀਸ ਚੌਕੀ ਭੰਗਾਲਾ ਅੱਗੇ ਧਰਨਾ ਦਿੱਤਾ ਗਿਆ। ਪੰਜਾਬ ਸਰਕਾਰ ਤੇ ਹੋਰ ਸਰਕਾਰੀ ਭ੍ਰਿਸ਼ਟ ਅਫ਼ਸਰਾਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਸੰਬੋਧਨ ਕਰਦਿਆਂ ਸੂਬਾਈ ਜੁਆਇੰਟ ਸਕੱਤਰ ਆਸ਼ਾਨੰਦ ਤੇ ਅਸ਼ੋਕ ਮਹਾਜਨ ਤਹਿਸੀਲ ਪ੍ਰਧਾਨ ਨੇ ਕਿਹਾ ਕਿ ਪੁਲੀਸ ਪ੍ਰਸ਼ਾਸਨ ਅਤੇ ਹੋਰ ਵਿਭਾਗਾਂ ਅੰਦਰ ਭ੍ਰਿਸ਼ਟਾਚਾਰ ਹੱਦਾਂ ਬੰਨੇ ਟੱਪ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਵਿਭਾਗਾਂ ਅੰਦਰ ਵਿਧਾਇਕ ਦਾ ਬੇਲੋੜਾ ਦਖ਼ਲ ਵੀ ਇੰਨਾ ਵਧ ਗਿਆ ਹੈ ਕਿ ਨਿੱਕੇ ਮੋਟੇ ਕੰਮਾਂ ਲਈ ਵੀ ਅਧਿਕਾਰੀ ਵਿਧਾਇਕ ਦੀ ਸਿਫਾਰਿਸ਼ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀ ਸਿਆਸੀ ਦਬਾਅ ਹੇਠ ਜਨਤਾ ਦੇ ਮਾਮਲੇ ਲਟਕਾ ਕੇ ਰੱਖ ਰਹੇ ਹਨ ਤੇ ਭ੍ਰਿਸ਼ਟਾਚਾਰ ਨੂੰ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰੀ ਵਿਭਾਗਾਂ ਨੇ ਭ੍ਰਿਸ਼ਟਾਚਾਰ ਨੂੰ ਨੱਥ ਨਾ ਪਾਈ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਚੌਕੀ ਇੰਚਾਰਜ ਏਐੱਸਆਈ ਰਵਿੰਦਰ ਸਿੰਘ ਨੇ ਧਰਨਾਕਾਰੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ, ਜਿਸ ਮਗਰੋਂ ਧਰਨਾ ਚੁੱਕ ਲਿਆ ਗਿਆ।
ਇਸ ਮੌਕੇ ਰਘੁਵੀਰ ਸਿੰਘ ਪੰਡੋਰੀ, ਸੁਰੇਸ਼ ਕੁਮਾਰ ਚਨੌਰ, ਨਰੇਸ਼ ਕੁਮਾਰ, ਤੇਜਿੰਦਰ ਸਿੰਘ, ਤਾਰਾ ਸਿੰਘ, ਰਛਪਾਲ ਸਿੰਘ, ਬਲਵਿੰਦਰ ਨੀਟਾ, ਕਾਲੂ ਮਹਾਜਨ, ਰਵੀ ਕੁਮਾਰ, ਥੋੜੂ ਰਾਮ, ਪੂਰਨ ਚੰਦ, ਅਸ਼ੋਕ ਕੁਮਾਰ, ਵਿਜੇ ਪੋਤਾ, ਸਰਵਨ ਕੁਮਾਰ, ਸੀਲੋ ਦੇਵੀ, ਪੂਨਮ ਦੇਵੀ, ਰਾਣੀ ਦੇਵੀ, ਮੀਨਾ, ਰਾਜ ਰਾਣੀ, ਜਸਵੀਰ ਸਿੰਘ ਹਾਜ਼ਰ ਸਨ।