ਗਗਨਦੀਪ ਅਰੋੜਾ
ਲੁਧਿਆਣਾ, 26 ਅਗਸਤ
ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਮਗਰੋਂ ਵਿਜੀਲੈਂਸ ਦਫ਼ਤਰ ਦੇ ਸਾਹਮਣੇ ਜ਼ਿਲ੍ਹਾ ਪ੍ਰੀਸ਼ਦ ਦੀ ਇਮਾਰਤ ’ਚ ਚੌਥੇ ਦਿਨ ਧਰਨੇ ’ਤੇ ਬੈਠੇ ਕਾਂਗਰਸੀ ਸਮਰਥਕਾਂ ਨੂੰ ਮਿਲਣ ਲਈ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਪੁੱਜੇ। ਹਰੀਸ਼ ਚੌਧਰੀ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਜਿਨ੍ਹਾਂ ਸਾਬਕਾ ਕਾਂਗਰਸੀ ਮੰਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਸਾਰੇ ਬੇਦਾਗ ਹਨ ਤੇ ਬਾਇੱਜ਼ਤ ਬਰੀ ਹੋ ਕੇ ਬਾਹਰ ਨਿਕਲਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਇਕੱਲੇ ਭਾਰਤ ਭੂਸ਼ਣ ਆਸ਼ੂ ਦੇ ਨਾਲ ਨਹੀਂ ਬਲਕਿ ਸਾਰੇ ਮੰਤਰੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਇਸ ਦੌਰਾਨ ਸ੍ਰੀ ਚੌਧਰੀ ਨੇ ‘ਆਪ’ ਸਰਕਾਰ ’ਤੇ ਵੀ ਨਿਸ਼ਾਨੇ ਬਿੰਨ੍ਹੇ । ਉਨ੍ਹਾਂ ਕਿਹਾ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਹਿਣੀ ਤੇ ਕਰਨੀ ’ਚ ਕਾਫ਼ੀ ਅੰਤਰ ਹੈ। ਉਨ੍ਹਾਂ ਕਿਹਾ ਕਿ ਆਸ਼ੂ ਨੇ ਆਪਣਾ ਮੰਤਰਾਲਾ ਪੂਰੀ ਇਮਾਨਦਾਰੀ ਨਾਲ ਚਲਾਇਆ, ਜਿਸ ਦਾ ਬੱਚਾ ਬੱਚਾ ਗਵਾਹ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਕੰਮ ਹੈ ਦੋਸ਼ ਲਾਉਣਾ।
ਉਨ੍ਹਾਂ ਦੱਸਿਆ ਕਿ ਕਰੋਨਾ ਕਾਲ ’ਚ ਆਸ਼ੂ ਨੇ ਪੰਜਾਬ ਦੇ ਹਰ ਵਿਅਕਤੀ ਤੱਕ ਰਾਸ਼ਨ ਪਹੁੰਚਾਉਣ ਦਾ ਕੰਮ ਕੀਤਾ। ਉਨ੍ਹਾਂ ਕਿਹਾ ਕਿ ਆਸ਼ੂ ਖ਼ਿਲਾਫ਼ ਅਦਾਲਤ ’ਚ ਕੋਈ ਸਬੂਤ ਨਹੀਂ ਮਿਲੇਗਾ ਅਤੇ ‘ਆਪ’ ਸਰਕਾਰ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ਸਬੂਤ ਦੇਖੇ ਬਿਨਾਂ ਹੀ ਵਿਜੀਲੈਂਸ ਨੇ ਕਾਰਵਾਈ ਕਰ ਦਿੱਤੀ । ਹਰੀਸ਼ ਚੌਧਰੀ ਨੇ ਕਾਂਗਰਸ ਦੇ ਸਾਬਕਾ ਮੰਤਰੀਆਂ ਨੂੰ ਪੂਰੀ ਤਰ੍ਹਾਂ ਕਲੀਨ ਚਿੱਟ ਦਿੱਤੀ। ਉਨ੍ਹਾਂ ਕਿਹਾ ਕਿ ਕਾਂਗਰਸ ਹਰ ਮੁੱਦੇ ’ਤੇ ਸਰਕਾਰ ਨੂੰ ਘੇਰਨ ਦਾ ਕੰਮ ਕਰਦੀ ਹੈ। ਰਾਹੁਲ ਗਾਂਧੀ ਇੱਕ ਸੱਚੇ ਤੇ ਇਮਾਨਦਾਰ ਆਗੂ ਹਨ। ਹਰੀਸ਼ ਚੌਧਰੀ ਨੇ ‘ਆਪ’ ਨੂੰ ਭਾਜਪਾ ਦੀ ਬੀ-ਟੀਮ ਦੱਸਿਆ ਅਤੇ ਕਿਹਾ ਕਿ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ’ਚ ਹੋਣ ਵਾਲੀਆਂ ਚੋਣਾਂ ਵਿੱਚ ਆਪ ਦਾ ਸਾਰਾ ਪਤਾ ਲੱਗ ਜਾਵੇਗਾ।
ਇਸ ਦੌਰਾਨ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਸ ਸਮੇਂ ਪੰਜਾਬ ’ਚ ‘ਆਪ’ ਦੀ ਸਰਕਾਰ ਮਾਲਕ ਹੈ ਤੇ ਉਹ ਕਿਸੇ ਨੂੰ ਵੀ ਕਿਸੇ ਸਮੇਂ ਜੇਲ੍ਹ ’ਚ ਪਾ ਸਕਦੀ ਹੈ। ਉਨ੍ਹਾਂ ਕਿਹਾ ਕਿ ਦੋਸ਼ ਲਾਉਣਾ ਅਸਾਨ ਕੰਮ ਹੈ ਤੇ ਸਿੱਧ ਕਰਨਾ ਬਾਅਦ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਆਸ਼ੂ ਦਾ ਰਿਮਾਂਡ ਖਤਮ ਹੋਣ ਜਾ ਰਿਹਾ ਹੈ। ਕੱਲ੍ਹ ਅਦਾਲਤ ’ਚ ਦੇਖਦੇ ਹਾਂ ਕਿ ਰਿਮਾਂਡ ਅੱਗੇ ਵਧਦਾ ਹੈ ਜਾਂ ਨਹੀਂ। ਉਨ੍ਹਾਂ ਨੂੰ ਕਾਨੂੰਨ ’ਤੇ ਪੂਰਾ ਭਰੋਸਾ ਹੈ ਤੇ ਕਾਨੂੰਨ ਇਸ ’ਚ ਆਪਣਾ ਕੰਮ ਚੰਗਾ ਕਰੇਗਾ।
ਬਰਖਾਸਤ ਡੀਐੱਸਪੀ ਸੇਖੋਂ ਵੱਲੋਂ ਆਸ਼ੂ ਖ਼ਿਲਾਫ਼ ਵਿਜੀਲੈਂਸ ਨੂੰ ਸ਼ਿਕਾਇਤ
ਲੁਧਿਆਣਾ: ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਵਾਇਰਲ ਹੋਈ ਆਡੀਓ ਕਲਿੱਪ ਤੋਂ ਬਾਅਦ ਚਰਚਾ ਵਿੱਚ ਆਏ ਬਰਖਾਸਤ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਨੇ ਅੱਜ ਇਥੇ ਐੱਸਐੱਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਨੂੰ ਮਿਲ ਕੇ ਸਾਬਕਾ ਮੰਤਰੀ ਖ਼ਿਲਾਫ਼ ਸ਼ਿਕਾਇਤ ਦਿੱਤੀ। ਉਨ੍ਹਾਂ ਨਾਲ ਪੁਲੀਸ ਪਰਿਵਾਰ ਮੈਂਬਰ ਐਸੋਸੀਏਸ਼ਨ ਦੇ ਨੁਮਾਇੰਦੇ ਵੀ ਮੌਜੂਦ ਸਨ। ਵਿਜੀਲੈਂਸ ਭਵਨ ਦੀ ਇਮਾਰਤ ਵਿੱਚ ਕਾਂਗਰਸੀ ਸਮਰਥਕਾਂ ਦੇ ਚੱਲ ਰਹੇ ਧਰਨੇ ਦੇ ਮੱਦੇਨਜ਼ਰ ਬਲਵਿੰਦਰ ਸੇਖੋਂ ਦੇ ਵਿਜੀਲੈਂਸ ਦਫ਼ਤਰ ਪੁੱਜਣ ਤੋਂ ਪਹਿਲਾਂ ਹੀ ਉੱਥੇ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਅਤੇ ਏਸੀਪੀ ਸਿਵਲ ਲਾਈਨ ਪਹੁੰਚ ਚੁੱਕੇ ਸਨ। ਇਸ ਮੌਕੇ ਬਰਖਾਸਤ ਡੀਐੱਸਪੀ ਨੇ ਕਾਂਗਰਸੀ ਧਰਨਾਕਾਰੀਆਂ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਕਿ ਬਾਹਰ ਆ ਕੇ ਉਹ ਉਨ੍ਹਾਂ ਨਾਲ ਗੱਲ ਕਰਨ। ਇਸੇ ਦੌਰਾਨ ਸੇਖੋਂ ਨਾਲ ਆਏ ਲੋਕਾਂ ਨੇ ਕਾਂਗਰਸ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮਾਹੌਲ ਵਿਗੜਦਾ ਵੇਖ ਪੁਲੀਸ ਅਧਿਕਾਰੀ ਸ੍ਰੀ ਸੇਖੋਂ ਨੂੰ ਤੁਰੰਤ ਅੰਦਰ ਲੈ ਗਏ। ਕਾਂਗਰਸ ਸਰਕਾਰ ਵੇਲੇ ਬਰਖਾਸਤ ਕੀਤੇ ਗਏ ਡੀਐੱਸਪੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਵਿਜੀਲੈਂਸ ਨੂੰ ਸਬੂਤ ਦੇਣ ਲਈ ਇਥੇ ਆਏ ਹਨ। ਸੇਖੋਂ ਨੇ ਦੋਸ਼ ਲਾਇਆ ਕਿ ਅੱਤਿਵਾਦ ਵੇਲੇ ਆਸ਼ੂ ਨੇ ਕਾਫ਼ੀ ਗ਼ਲਤ ਕੰਮ ਕੀਤੇ ਸਨ ਤੇ ਗੁੜ ਮੰਡੀ ਬੰਬ ਧਮਾਕੇ ’ਚ ਵੀ ਉਸ ਦਾ ਹੱਥ ਹੈ। ਸ੍ਰੀ ਸੇਖੋਂ ਨੇ ਸਾਬਕਾ ਮੰਤਰੀ ’ਤੇ ਪੰਜਾਬ ਵਿੱਚ ਸਭ ਤੋਂ ਵੱਧ ਭ੍ਰਿਸ਼ਟਾਚਾਰ ਕਰਨ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਵਿਜੀਲੈਂਸ ਨੂੰ ਠੇਕੇਦਾਰ ਤੋਂ ਡਾਇਰੀਆਂ ਮਿਲੀਆਂ ਹਨ, ਜਿਨ੍ਹਾਂ ਦੇ ਆਧਾਰ ’ਤੇ ਕਈ ਕਾਂਗਰਸੀ ਆਗੂ ਜੇਲ੍ਹ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਕਾਂਗਰਸੀ ਕਿਸੇ ਲਈ ਨਹੀਂ, ਸਗੋਂ ਆਪਣੇ ਬਚਾਅ ਲਈ ਧਰਨੇ ’ਤੇ ਬੈਠੇ ਹਨ। ਸੇਖੋਂ ਨੇ ਇਹ ਵੀ ਕਿਹਾ ਕਿ ਅਗਲਾ ਨੰਬਰ ਟਰਾਂਸਪੋਰਟ ਮੰਤਰੀ ਹੁੰਦਿਆਂ ਵੱਡੇ ਘਪਲੇ ਕਰਨ ਵਾਲੇ ਰਾਜਾ ਵੜਿੰਗ ਦਾ ਹੈ। ਸੇਖੋਂ ਨੇ ਸਵਾਲ ਕੀਤਾ ਕਿ ਜਿਹੜੇ ਕਾਂਗਰਸੀ ਆਗੂ ਤੇ ਸਮਰਥਕ ਹੁਣ ਆਸ਼ੂ ਪਿੱਛੇ ਧਰਨਾ ਦੇ ਰਹੇ ਹਨ, ਉਹ ਸਾਧੂ ਸਿੰਘ ਧਰਮਸੋਤ ਤੇ ਸੰਗਤ ਸਿੰਘ ਗਿਲਜੀਆਂ ਵਾਰੀ ਕਿਉਂ ਨਹੀਂ ਬੋਲੇ।